ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਦੋ ਬੱਚਿਆਂ 'ਚੋਂ ਇਕ ਦੀ ਹੋਈ ਪਛਾਣ, ਕੀਤਾ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋ-ਰੋ ਕੇ ਮਾਪਿਆਂ ਦਾ ਬੁਰਾ ਹਾਲ ਹੋਇਆ ; ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਣਾ ਪਿਆ

Rajpura missing children : One dead body found, cremated

ਰਾਜਪੁਰਾ : ਪਿਛਲੇ ਕੁਝ ਦਿਨ ਪਹਿਲਾਂ ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ 'ਚ ਲਾਪਤਾ ਹੋਏ 2 ਬੱਚਿਆਂ ਵਿੱਚੋਂ ਅੱਜ ਇਕ ਬੱਚੇ ਦੀ ਪਛਾਣ ਪਰਵਾਰ ਵਾਲਿਆਂ ਨੇ ਕਰ ਲਈ ਹੈ, ਜੋ ਉਨ੍ਹਾਂ ਦਾ ਵੱਡਾ ਪੁੱਤਰ ਜਸ਼ਨਦੀਪ ਹੈ। ਇਸ ਤੋਂ ਬਾਅਦ ਪਰਵਾਰ 'ਚ ਮਾਤਮ ਪਸਰ ਗਿਆ। ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਮਾਸੂਮ ਜਸ਼ਨਦੀਪ ਦਾ ਨਮ ਅੱਖਾਂ ਨਾਲ ਅੰਤਮ ਸਸਕਾਰ ਕੀਤਾ। ਇਸ ਮੌਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਅਚਾਨਕ ਸਿਹਤ ਵਿਗੜਨ ਕਾਰਨ ਬੱਚੇ ਦੀ ਮਾਂ ਸਮੇਤ ਕੁਝ ਹੋਰ ਪਰਵਾਰਕ ਮੈਂਬਰਾਂ ਨੂੰ ਹਸਪਤਾਲ ਲਿਜਾਣਾ ਪਿਆ।

ਜ਼ਿਕਰਯੋਗ ਹੈ ਕਿ ਜਸ਼ਨਦੀਪ ਦੀ ਲਾਸ਼ ਪਟਿਆਲਾ ਪੁਲਿਸ ਨੂੰ ਬੀਤੇ ਦਿਨ ਨਰਵਾਣਾ ਬ੍ਰਾਂਚ ਦੇ ਬਘੌਰਾ ਬ੍ਰਿਜ ਕੋਲੋਂ ਬਰਾਮਦ ਹੋਈ ਸੀ, ਜੋ ਘਨੌਰ ਤੋਂ 18 ਕਿਲੋਮੀਟਰ ਦੂਰ ਹੈ। ਘਨੌਰ ਦੇ ਡੀ.ਐਸ.ਪੀ. ਮਨਪ੍ਰੀਤ ਸਿੰਘ ਨੇ ਦਸਿਆ ਕਿ ਬੀਤੀ ਸ਼ਾਮ ਗੋਤਾਖੋਰਾਂ ਨੂੰ ਭਾਖੜਾ ਦੀ ਨਰਵਾਣਾ ਬਰਾਂਚ ਵਿਚੋਂ ਬੱਚੇ ਦੀ ਲਾਸ਼ ਮਿਲੀ ਸੀ। ਪਹਿਲਾਂ ਪਰਵਾਰ ਵਾਲੇ ਇਸ ਨੂੰ ਆਪਣੇ ਬੱਚੇ ਦੀ ਲਾਸ਼ ਮੰਨਣ ਤੋਂ ਇਨਕਾਰ ਕਰ ਰਹੇ ਸਨ ਪਰ ਅੱਜ ਡੀਐਨਏ ਰਿਪੋਰਟ ਤੋਂ ਬਾਅਦ ਸਾਬਤ ਹੋ ਗਿਆ ਕਿ ਇਹ ਲਾਸ਼ ਵੱਡੇ ਪੁੱਤਰ ਜਸ਼ਨਦੀਪ ਦੀ ਸੀ। 

ਦੱਸ ਦੇਈਏ ਕਿ ਬੀਤੀ 22 ਜੁਲਾਈ ਨੂੰ ਥਾਣਾ ਖੇੜੀ ਗੰਡਿਆਂ ਦੇ ਦੋ ਬੱਚੇ ਜਸ਼ਨਦੀਪ ਸਿੰਘ (10) ਅਤੇ ਹਸ਼ਨਦੀਪ ਸਿੰਘ (6) ਦੇਰ ਰਾਤ ਭੇਤਭਰੀ ਹਾਲਤ ਵਿਚ ਗ਼ਾਇਬ ਹੋ ਗਏ ਸਨ। ਸਵੇਰ ਤਕ ਬੱਚਿਆਂ ਸਬੰਧੀ ਕੋਈ ਜਾਣਕਾਰੀ ਨਾ ਮਿਲਣ 'ਤੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵਲੋਂ ਰਾਜਪੁਰਾ-ਪਟਿਆਲਾ ਸੜਕ 'ਤੇ ਆਵਾਜਾਈ ਠੱਪ ਕਰ ਦਿੱਤੀ ਗਈ ਸੀ।

ਦੋਵੇਂ ਬੱਚੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪੰਜਵੀਂ ਅਤੇ ਦੂਜੀ ਜਮਾਤ ਵਿਚ ਪੜ੍ਹਦੇ ਹਨ। ਦੋਵੇਂ ਬੱਚੇ 22 ਜੁਲਾਈ ਦੀ ਰਾਤ ਕਰੀਬ ਸਾਢੇ 8 ਵਜੇ ਪਿੰਡ ਦੀ ਕਰਿਆਨੇ ਦੀ ਦੁਕਾਨ ਤੋਂ ਕੋਲਡ ਡਰਿੰਕ ਲੈਣ ਗਏ ਸਨ ਪਰ ਜਦੋਂ ਉਹ ਦੋਵੇਂ ਭਰਾ ਕਾਫੀ ਦੇਰ ਤਕ ਘਰ ਨਾ ਪਰਤੇ ਤਾਂ ਉਨ੍ਹਾਂ ਦਾ ਪਤਾ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਕੁਝ ਬੱਚਿਆਂ ਨੇ ਦਸਿਆ ਸੀ ਕਿ ਉਨ੍ਹਾਂ ਨੂੰ ਕੋਈ ਗੱਡੀ ਵਾਲਾ ਬਿਠਾ ਕੇ ਲੈ ਗਿਆ ਹੈ।