100 ਸਾਲ ਪੁਰਾਣੇ ਸਰੂਪ ਗਾਇਬ ਹੋਣ 'ਤੇ ਭਾਈ ਮਾਝੀ ਦਾ SGPC ’ਤੇ ਹਮਲਾ

ਏਜੰਸੀ

ਖ਼ਬਰਾਂ, ਪੰਜਾਬ

ਮਾਮਲੇ 'ਚ ਬਣੀ ਜਾਂਚ ਕਮੇਟੀ 'ਤੇ ਚੁੱਕੇ ਸਵਾਲ

Bhai Harjinder Singh Majhi Attacks SGPC Disappearance 100 Year Old SGPC

ਪਟਿਆਲਾ: ਪਟਿਆਲਾ ਦੇ ਪਿੰਡ ਕਲਿਆਣ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ 100 ਸਾਲ ਪੁਰਾਣੇ ਇਤਿਹਾਸਕ ਸਰੂਪਾਂ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ। ਜਿੱਥੇ ਹੁਣ ਸਰੂਪ ਗਾਇਬ ਹੋਣ ਨੂੰ ਲੈ ਕੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਐੱਸ.ਜੀ.ਪੀ ਸੀ ਤੇ ਸਰਕਾਰ ਨੂੰ ਆੜੇ ਹੱਥੀਂ ਲਿਆ। ਮਾਮਲੇ ਦੀ ਜਾਂਚ ਕਮੇਟੀ ਤੇ ਸਵਾਲ ਖੜ੍ਹੇ ਕਰਦਿਆਂ ਭਾਈ ਮਾਝੀ ਨੇ ਕਿਹਾ ਕਿ ਜਾਂਚ ਕਮੇਟੀ ਨੇ ਜਾਂਚ ਦੇ ਨਾਮ ਤੇ ਕੇਵਲ ਖਾਨਾ ਪੁਰਤੀ ਕੀਤੀ ਹੈ।

ਓਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪਟਿਆਲਾ ਪ੍ਰਸ਼ਾਸਨ ਨੂੰ ਹਰ ਪੱਖ ਤੋਂ ਫੇਲ੍ਹ ਹੋ ਚੁੱਕੀ ਹੈ। ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਪਿੰਡ ਵੱਲੋਂ ਵੀ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਅਜੇ ਤਕ ਪ੍ਰਸ਼ਾਸ਼ਨ ਨੇ ਬਣਦੀ ਕਾਰਵਾਈ ਨਹੀਂ ਕੀਤੀ। ਪਿੱਛੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਹਨ ਜੇ ਉਹਨਾਂ ਤੇ ਉਸ ਸਮੇਂ ਸਖ਼ਤ ਕਾਰਵਾਈ ਕੀਤੀ ਜਾਂਦੀ ਤਾਂ ਹੁਣ ਇਹਨਾਂ ਘਟਨਾਵਾਂ ਨੂੰ ਵਧਾਵਾ ਨਹੀਂ ਮਿਲਣਾ ਸੀ।

ਉੱਥੇ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਵੀ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾਇਆ ਹੈ ਕਿ ਉਹਨਾਂ ਦੀ ਅਣਗਹਿਲੀ ਕਾਰਨ ਹੀ ਅਜਿਹਾ ਹੋ ਰਿਹਾ ਹੈ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਤੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਪਹੁੰਚੇ ਸਨ ਜਿੱਥੇ ਭਾਈ ਲੋਂਗੋਵਾਲ ਨੂੰ ਵੀ ਪ੍ਰਸ਼ਾਸਨ ਤੋਂ ਮਾਮਲੇ ਦੀ ਸੁਹਿਰਦਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ।

ਪਰ ਹੁਣ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ 100 ਸਾਲਾ ਪੁਰਾਤਨ ਸਰੂਪ ਗੁੰਮ ਹੋਣ ਦੇ ਮਾਮਲਾ ਦਾ ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ, ਜਿਸ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜ ਮੈਂਬਰੀ ਟੀਮ ਦਾ ਗਠਿਨ ਕੀਤੇ ਜਾਣ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ 'ਚ ਗਠਿਤ ਕੀਤੀ ਟੀਮ ਦੇ ਮੈਂਬਰ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਖੇ ਪੁੱਜੇ।

ਗੁਰਦੁਆਰਾ ਅਰਦਾਸਪੁਰਾ ਵਿਖੇ ਗਠਿਤ ਟੀਮ ਦੇ ਪੁੱਜਣ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਕਮੇਟੀ ਮੈਂਬਰਾਂ ਆਦਿ ਮੌਕੇ 'ਤੇ ਮੌਜੂਦ ਸਨ। ਗੁਰਦੁਆਰਾ ਸਾਹਿਬ ਵਿਖੇ ਕਮੇਟੀ ਮੈਂਬਰਾਂ ਨਾਲ ਸਾਢੇ ਪੰਜ ਦੇ ਕਰੀਬ ਮੀਟਿੰਗ ਚੱਲੀ। ਇਸ ਦੌਰਾਨ ਟੀਮ ਨੇ ਜਾਂਚ ਪੜਤਾਲ ਦੌਰਾਨ ਗ੍ਰੰਥੀ ਸਿੰਘਾਂ, ਕਮੇਟੀ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਨਾਲ ਦੀਰਘ ਵਿਚਾਰਾਂ ਕੀਤੀਆਂ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਰੀਆਂ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ, ਪਰ ਸਰੂਪ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ।

ਉਨ੍ਹਾਂ ਕਿਹਾ ਕਿ ਕਲਮਬੱਧ ਕੀਤੇ ਬਿਆਨਾਂ ਦੇ ਆਧਾਰ 'ਤੇ ਕਮੇਟੀ ਆਪਣੀ ਪਲੇਠੀ ਰਿਪੋਰਟ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਰਹੀ ਹੈ ਅਤੇ ਅਗਲੇਰੀ ਜਾਂਚ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਧਰਮ ਪ੍ਰਚਾਰ ਕਮੇਟੀ ਵੱਲੋਂ ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਆਦਿ ਵੀ ਹਾਜ਼ਰ ਸਨ।

ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਛਾਬਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਸਰੂਪ ਹਨ ਅਤੇ ਇਕ ਸਫਰੀ ਸਰੂਪ ਜੋ ਸੰਤ ਬਾਬਾ ਕਿਰਪਾਲ ਸਿੰਘ ਦੇ ਵੇਲੇ ਦ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਸੀ, ਜਿਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਇਹ ਸਫਰੀ ਸਰੂਪ ਵੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਬਾਕੀ ਸਰੂਪਾਂ ਨਾਲ ਪਿਆ ਸੀ, ਜੋ ਸਿਰਫ ਦੂਰਬੀਨ ਨਾਲ ਪੜਿਆ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਬਾਬਾ ਸੋਹਣ ਸਿੰਘ ਅਤੇ ਹੈਡ ਗ੍ਰੰਥੀ ਸਤਨਾਮ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਗਈ, ਪਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁੱਜੀ ਟੀਮ ਨੂੰ ਕਮੇਟੀ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਆਪਣੇ ਪੱਧਰ 'ਤੇ ਇਹ ਸਾਰਾ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਵੀ ਕਰ ਚੁੱਕੀ ਹੈ ਅਤੇ ਸੀਸੀਟੀਵੀ ਕੈਮਰਿਆਂ ਤੱਕ ਨੂੰ ਵੀ ਖੰਘਾਲਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।