ਡਿਪਟੀ ਕਮਿਸ਼ਨਰ ਵਲੋਂ ਜੀਰਕਪੁਰ ਅੰਬਾਲਾ ਨੈਸ਼ਨਲ ਹਾਈਵੇਅ ਤੇ ਟਰੈਫਿਕ ਸਬੰਧੀ ਆ ਰਹੀ ਮੁਸ਼ਕਿਲ ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਪਟੀ ਕਮਿਸ਼ਨਰ ਵਲੋਂ ਜੀਰਕਪੁਰ ਅੰਬਾਲਾ ਨੈਸ਼ਨਲ ਹਾਈਵੇਅ ਤੇ ਟਰੈਫਿਕ ਸਬੰਧੀ ਆ ਰਹੀ ਮੁਸ਼ਕਿਲ ਦਾ ਲਿਆ ਗੰਭੀਰ ਨੋਟਿਸ

gurpreet kaur

ਜੀਰਕਪੁਰ/ਡੇਰਾਬਸੀ : ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵਲੋਂ ਜੀਰਕਪੁਰ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਰੋਜ਼ਾਨਾ ਟਰੈਫਿਕ ਦੀ ਆ ਰਹੀ ਸਮੱਸਿਆ, ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਟਰੈਫਿਕ ਦੀ ਸਮੱਸਿਆ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ  ਸਮੇਂ 'ਤੇ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ,

ਦਾ ਗੰਭੀਰ ਨੋਟਿਸ ਲੈਦਿਆਂ ਜ਼ਿਲ੍ਹਾ ਪੁਲਿਸ ਮੁਖੀ  ਸ੍ਰੀ ਕੁਲਦੀਪ ਸਿੰਘ ਚਾਹਲ ਨੂੰ ਪੱਤਰ ਲਿਖ ਕੇ ਟਰੈਫਿਕ ਪੁਲਿਸ ਨੂੰ ਹਦਾਇਤਾਂ ਕਰਨ ਲਈ ਕਿਹਾ ਹੈ ਕਿ ਸੜਕ ਦੇ ਦੋਨਾਂ ਸਾਈਡਾਂ 'ਤੇ ਟਰੱਕ ਖੜਾਉਣ ਲਈ ਬਣਾਈ ਗਈ ਥਾਂ (ਟਰੱਕ ਲੇ ਬਾਈਜ਼) ਤੋਂ ਬਿਨਾਂ ਕਿਸੇ ਵੀ ਥਾਂ ਟਰੱਕ ਨੂੰ ਪਾਰਕ ਨਾ ਹੋਣ ਦਿੱਤਾ ਜਾਵੇ ਅਤੇ ਬੱਸਾਂ ਨੂੰ ਵੀ ਨਿਸ਼ਚਿਤ ਥਾਵਾਂ ਤੇ ਹੀ ਖੜਨ ਨੂੰ ਯਕੀਨੀ ਬਣਾਇਆ ਜਾਵੇ।  ਡਿਪਟੀ ਕਮਿਸ਼ਨਰ ਨੇ ਇਹ ਵੀ ਲਿਖਿਆ ਹੈ ਕਿ ਟਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਜਾਵੇ

ਕਿ ਜੀਰਕਪੁਰ ਨਾਲ ਲਗਦੇ ਸਾਰੇ ਹੀ ਟਰੈਫਿਕ ਪੁਆਂਇਟਾਂ ਤੇ ਗਲਤ ਟਰਨ/ਯੂ ਟਰਨ ਨੂੰ ਖਾਸ ਤੌਰ ਤੇ ਧਿਆਨ ਵਿਚ ਰੱਖਦੇ ਹੋਏ ਜੀਰੋ ਟੌਲਰੈਂਸ ਪਾਲਿਸੀ 07 ਸਤੰਬਰ ਤੋਂ ਲਾਗੂ ਕਰ ਦਿੱਤੀ ਜਾਵੇ। ਉਨ੍ਹਾਂ ਆਪਣੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਜ਼ਿਲ੍ਹੇ ਵਿਚ ਹਸਪਤਾਲਾਂ ਵਿਚ ਪਹੁੰਚਣ ਲਈ ਸ਼ਹਿਰ ਵਿਚੋਂ ਲੰਘਦੀਆਂ ਸੜਕਾਂ ਲਈ ਗਰੀਨ ਕੌਰੀਡੋਰ ਦੀ ਐਕਟੀਵਿਟੀ ਵੀ ਪਲਾਨ ਕਰ ਲਈ ਜਾਵੇ ਤਾਂ ਜੋ ਆਉਣ ਵਾਲੇ ਕਿਸੇ ਵੀ ਸੰਕਟ ਦੀ ਸਥਿਤੀ ਸਮੇਂ ਪੁਲਿਸ, ਐਂਬੂਲੈਂਸ, ਫਾਇਰਬਰੀਗੇਡ ਦੀ ਸੇਵਾ ਵਿਚ ਕੋਈ ਵਿਘਨ ਨਾ ਪਵੇ ਅਤੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਸਮਾਜਿਕ ਅਤੇ ਟਰੈਫਿਕ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।

ਇਸ ਸਬੰਧੀ ਆਪਣੇ ਅਧੀਨ ਕੰਮ ਕਰਦੇ ਅਮਲੇ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਇਸ ਪੱਤਰ ਦਾ ਉਤਾਰਾ ਉਪਮੰਡਲ ਮੈਜੀਸਟਰੇਟ ਖਰੜ, ਮੋਹਾਲੀ, ਡੇਰਾਬਸੀ ਅਤੇ ਸਕੱਤਰ ਰੀਜ਼ਨਨ ਟਰਾਂਸਪੋਰਟ ਅਥਾਰਟੀ ਐਸ.ੲੈ.ਐਸ. ਨਗਰ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜਿਆ ਹੈ। ਕਾਰਜ ਸਾਧਕ ਅਫਸਰ ਇਸ ਗੱਲ ਨੂੰ ਵੀ ਯਕੀਨੀ ਬਣਾਉਣਗੇ ਕਿ ਆਮ ਰਸਤੇ ਤੇ ਕੋਈ ਵੀ ਰੇਹੜੀ ਫੜ੍ਹੀ, ਬਿਨਾਂ ਮਨਜੂਰੀ ਤੋਂ ਕੋਈ ਵੀ ਇਸ਼ਤਿਹਾਰਬਾਜੀ ਲਈ ਪੋਲ ਆਦਿ ਨਾ ਰੱਖਿਆ ਜਾਵੇ। ਜਿਸ ਨਾਲ ਟਰੈਫਿਕ ਨੂੰ ਵਿਘਨ ਪੈਂਦਾ ਹੋਵੇ।