ਜਲੰਧਰ ਦੇ ਕੇ.ਐਮ.ਵੀ. ਕਾਲਜ ਪਹੁੰਚੇ ਪੰਜਾਬ ਰਾਜਪਾਲ; ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਾ ਦਿਤਾ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਭ੍ਰਿਸ਼ਟਾਚਾਰ ਮੁਕਤ ਦੇਸ਼ ਚਾਹੁੰਦੀ ਹੈ ਨਵੀਂ ਪੀੜ੍ਹੀ

Punjab Governor reached KMV College in Jalandhar



ਜਲੰਧਰ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਲੰਧਰ ਦੇ ਕੇ.ਐਮ.ਵੀ. ਕਾਲਜ ਪਹੁੰਚੇ, ਜਿਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਜਦੋਂ ਉਹ ਸਕੂਲ-ਕਾਲਜ ਜਾਂਦੇ ਸਨ ਤਾਂ ਅਧਿਆਪਕ ਦੀ ਕਹੀ ਗੱਲ 'ਤੇ ਵਿਸ਼ੇਸ਼ ਧਿਆਨ ਦਿੰਦੇ ਸਨ, ਜਿਸ ਦੇ ਨਤੀਜੇ ਵਜੋਂ ਉਹ ਅਧਿਆਪਕ ਦੀ ਕਹੀ ਹਰ ਗੱਲ ਨੂੰ ਬੜੀ ਆਸਾਨੀ ਨਾਲ ਸਮਝ ਲੈਂਦੇ ਸਨ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਧਨ ਇੰਨੇ ਜ਼ਿਆਦਾ ਹਨ ਕਿ ਵਿਦਿਆਰਥੀ ਅਧਿਆਪਕ ਦੇ ਨਾਲ-ਨਾਲ ਹਰ ਸਵਾਲ ਦਾ ਹੱਲ ਉਪਕਰਨਾਂ ਰਾਹੀਂ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਰਾਜਪਾਲ ਨੇ ਕਿਹਾ ਕਿ ਗੁਰੂ-ਸਿੱਖਿਆ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ, ਕਿਉਂਕਿ ਜੇਕਰ ਗੁਰੂ ਨਾ ਹੋਵੇ ਤਾਂ ਕੁੱਝ ਸਮਝ ਨਹੀਂ ਆਉਂਦਾ। ਇਕ ਸਮਾਂ ਦੀ ਜਦੋਂ ਸੱਭ ਸਰਕਾਰੀ ਨੌਕਰੀਆਂ ਹਾਸਲ ਕਰਨਾ ਚਾਹੁੰਦੇ ਸਨ ਪਰ ਅੱਜ ਨੌਜਵਾਨ ਵੱਡੇ-ਵੱਡੇ ਕੋਰਸ ਕਰਕੇ ਜਾਂ ਤਾਂ ਅਪਣਾ ਕਾਰੋਬਾਰ ਸਥਾਪਤ ਕਰ ਰਹੇ ਹਨ ਜਾਂ ਵੱਡੀਆਂ ਕੰਪਨੀਆਂ ਵਿਚ ਚੰਗੀ ਤਨਖਾਹ ਲੈ ਰਹੇ ਹਨ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ ਦੀ ਸੱਭ ਤੋਂ ਕੀਮਤੀ ਦੌਲਤ ਸਿਹਤ ਹੈ ਅਤੇ ਸਾਰਿਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ ਦੀ ਨਵੀਂ ਪੀੜ੍ਹੀ ਭ੍ਰਿਸ਼ਟਾਚਾਰ ਮੁਕਤ ਦੇਸ਼ ਚਾਹੁੰਦੀ ਹੈ, ਜਿਸ ਲਈ ਉਨ੍ਹਾਂ ਨੂੰ ਖੁਦ ਮਿਸਾਲ ਕਾਇਮ ਕਰਨੀ ਪਵੇਗੀ। ਵਿਦਿਆਰਥੀਆਂ ਨੂੰ ਅਪਣਾ ਕੰਮ ਸਬਰ ਵਿਚ ਰਹਿ ਕੇ ਕਰਦੇ ਰਹਿਣਾ ਚਾਹੀਦਾ ਹੈ, ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਪਣਾ ਕੰਮ ਪੂਰੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕਰਦੇ ਰਹੋ, ਜਿਸ ਨਾਲ ਸਮਾਜ ਵਿਚ ਇਕ ਨਵਾਂ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ 'ਤੇ ਨਿਰਭਰ ਕਰਦਾ ਹੈ ਅਤੇ ਤੁਸੀਂ ਸਾਰੇ ਦੇਸ਼ ਦਾ ਭਵਿੱਖ ਹੋ, ਜਿਸ 'ਤੇ ਸਾਰੇ ਭਾਰਤੀਆਂ ਨੂੰ ਉਮੀਦਾਂ ਹਨ।

ਜਿਥੇ ਰਾਜਪਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਕਈ ਗੱਲਾਂ ਕਹੀਆਂ ਤਾਂ ਉੱਥੇ ਹੀ ਕਾਲਜ ਪ੍ਰਸ਼ਾਸਨ ਨੂੰ ਵੀ ਸ਼ੁਭਕਾਮਨਾਵਾਂ ਦਿਤੀਆਂ। ਇਸ ਮੌਕੇ ਰਾਜਪਾਲ ਨੇ ਅਪਣੇ-ਅਪਣੇ ਖੇਤਰ ਵਿਚ ਚੰਗਾ ਮੁਕਾਮ ਹਾਸਲ ਕਰਨ ਵਾਲੇ ਵਿਦਿਆਰਤੀਆਂ ਨੂੰ ਸਨਮਾਨਤ ਕੀਤਾ। ਕਾਲਜ ਪ੍ਰਬੰਧਕਾਂ ਵਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।