ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪਾਟੋਧਾੜ ਹੋ ਰਹੇ ਕਲਾਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਤੀ ਸਾਰੀਆਂ ਸਰਕਾਰਾਂ ਦਾ ਵਰਤਾਰਾ ਇਕੋ ਜਿਹਾ-ਨੌਜਵਾਨ 

Kisan morcha at Shabhu border

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਸ਼ੰਭੂ ਬਾਡਰ ਵਿਖੇ ਕਈ ਆਗੂਆਂ, ਕਲਕਾਰਾਂ, ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੋਰਚਾ ਲਗਾਇਆ ਗਿਆ ਹੈ। 
ਇਸ ਦੌਰਾਨ ਕਿਸਾਨ ਸਮਰਥਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਸਮਰਥਕਾਂ ਵੱਲੋਂ ਲਗਾਤਾਰ ਖੇਤੀ ਕਾਨੂੰਨ ਵਿਰੋਧੀ ਅਤੇ ਕੇਂਦਰ ਸਰਕਾਰ ਵਿਰੋਧੀ ਨਾਅਰੇ ਲਗਾਏ ਜਾ ਰਹੇ ਹਨ। 

ਇਸ ਦੌਰਾਨ ਕਿਸਾਨ ਭਰਾਵਾਂ ਨੂੰ ਵੱਡੇ ਪੱਧਰ 'ਤੇ ਪੰਜਾਬੀ ਸਿਤਾਰਿਆਂ ਦਾ ਸਾਥ ਮਿਲ ਰਿਹਾ ਹੈ। ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੂਬੇ ਵਿਚ ਅਣਮਿੱਥੇ ਸਮੇਂ ਲਈ ਅੰਦੋਲਨ ਕੀਤੇ ਜਾ ਰਹੇ ਹਨ। ਇਸ ਲਹਿਰ ਵਿਚ ਸੂਬੇ ਦੇ ਨੌਜਵਾਨ ਵਧ-ਚੜ੍ਹ ਕੇ ਸ਼ਾਮਲ ਹੋ ਰਹੇ ਹਨ। 

ਹਾਲਾਂਕਿ ਇਸ ਦੌਰਾਨ ਕਲਾਕਾਰਾਂ ਵਿਚ ਮਤਭੇਦ ਸਾਹਮਣੇ ਆ ਰਹੇ ਹਨ। ਇਹਨਾਂ ਮਤਭੇਦਾਂ ਦਾ ਸਿੱਧਾ ਅਸਰ ਕਿਸਾਨ ਮੋਰਚਿਆਂ 'ਤੇ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਮਤਭੇਦਾਂ ਦੇ ਚਲਦਿਆਂ ਅਸੀਂ ਅਸਲ ਮੁੱਦਿਆਂ ਨੂੰ ਭਟਕ ਰਹੇ ਹਾਂ। ਨੌਜਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਕੋਈ ਅਪਣੇ ਨਾਲ ਪੰਜਾਬੀਆਂ ਅਤੇ ਕਿਸਾਨਾਂ ਦਾ ਦਰਦ ਲੈ ਕੇ ਤੁਰਿਆ ਹੋਇਆ ਹੈ, ਪਰ ਪੰਜਾਬ ਦੇ ਮੁੱਦੇ ਬਹੁਤ ਵੱਡੇ ਹਨ, ਉਹ ਇਸ ਤਰ੍ਹਾਂ ਹੱਲ ਨਹੀਂ ਹੋਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਧਰਨੇ ਦੇ ਰਹੇ ਕਲਾਕਾਰਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ ਸਮਝਣਾ ਪਵੇਗਾ ਕਿ ਪੰਜਾਬ ਪ੍ਰਤੀ ਕੇਂਦਰ ਦੀਆਂ ਸਾਰੀਆਂ ਸਰਕਾਰਾਂ ਦਾ ਵਰਤਾਰਾ ਇਕੋ ਜਿਹਾ ਰਿਹਾ ਹੈ।  ਉਹਨਾਂ ਕਿਹਾ ਕਿ ਸਾਨੂੰ ਅਪਣੇ ਦੁਸ਼ਮਣ ਦੀ ਚੰਗੀ ਤਰ੍ਹਾਂ ਪਛਾਣ ਹੋਣੀ ਚਾਹੀਦੀ ਹੈ। ਕਿਸਾਨ ਨੌਜਵਾਨਾਂ ਨੇ ਕਿਹਾ ਕਿ ਉਹ ਦੀਪ ਸਿੱਧੂ ਦੇ ਨਾਲ ਹਨ ਕਿਉਂਕਿ ਉਹ ਪੰਜਾਬ ਨੂੰ ਉਸ ਦਾ ਹੱਕ ਦਿਵਾ ਕੇ ਹਟਣਗੇ। ਨੌਜਵਾਨਾਂ ਦਾ ਕਹਿਣਾ ਹੈ ਕਿ ਅਪਣੀ ਆਵਾਜ਼ ਕੇਂਦਰ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ।