SGPC ਚੋਣਾਂ ਨੂੰ ਲੈ ਕੇ ਹਲਚਲ ਤੇਜ਼: 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਵੋਟਾਂ ਬਣਾਉਣ ਦੀ ਪ੍ਰਕਿਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ ਜਾਣਕਾਰੀ

SGPC

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੀਂਆਂ ਵੋਟਾਂ ਬਣਾਉਣ ਤੇ ਵੋਟਰ ਸੂਚੀ ਵਿਚ ਸੁਧਾਈ ਦੀ ਪ੍ਰਕਿਰਿਆ 21 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ।

ਮੁੱਖ ਮੰਤੀਰ ਨੇ ਟਵੀਟ ਕਰਦਿਆਂ ਕਿਹਾ,”ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦੇ ਸਬੰਧ ਵਿਚ ਅਹਿਮ ਜਾਣਕਾਰੀ। 21 ਅਕਤੂਬਰ ਤੋਂ ਨਵੀਆਂ ਵੋਟਾਂ ਬਣਾਉਣ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਇਸ ਦੇ ਬਾਕੀ ਵੇਰਵੇ ਜਲਦੀ ਜਾਰੀ ਕੀਤੇ ਜਾਣਗੇ”।

ਜ਼ਿਕਰਯੋਗ ਹੈ ਕਿ ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਵਲੋਂ 30 ਮਈ 2023 ਨੂੰ ਖ਼ਬਰ ਨਸ਼ਰ ਕੀਤੀ ਗਈ ਸੀ। ਇਸ ਵਿਚ ਦਸਿਆ ਗਿਆ ਸੀ ਕਿ ਜਰਨਲ ਹਾਊਸ ਮੈਂਬਰਾਂ ਦੀਆਂ ਚੋਣਾਂ ਲਈ ਗੁਰਦੁਆਰਾ ਚੀਫ਼ ਕਮਿਸ਼ਨਰ ਗੁਰਦੁਆਰਾ ਕਮਿਸ਼ਨ ਚੋਣਾਂ ਜਸਟਿਸ ਐਸ.ਐਸ. ਸਾਰੋਂ ਨੇ ਵੋਟਰ ਸੂਚੀਆਂ ਤਿਆਰ ਕਰਨ ਲਈ ਪੱਤਰ ਲਿਖਿਆ ਸੀ। ਵੋਟਰ ਸੂਚੀਆਂ ਤਿਆਰ ਕਰਨ ਲਈ ਇਹ ਪੱਤਰ ਮੁੱਖ ਸਕੱਤਰ ਪੰਜਾਬ ਸਰਕਾਰ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਭੇਜੇ ਗਏ। ਇਨ੍ਹਾਂ ਚੋਣਾਂ ਵਿਚ 21 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸਿੱਖ ਅਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਸਕਦਾ ਹੈ।

ਇਸ ਵਿਚ ਇਹ ਨਿਯਮ ਵੀ ਬਣਾ ਦਿਤੇ ਗਏ ਹਨ ਕਿ ਵੋਟ ਪਾਉਣ ਤੇ ਬਣਵਾਉਣ ਵਾਲਾ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਤੇ ਉਹ ਅਪਣੇ ਕੇਸ ਕਤਲ ਨਾ ਕਰਵਾਉਂਦਾ ਹੋਵੇ ਤੇ ਨਾ ਹੀ ਬੀੜੀ, ਤੰਬਾਕੂ ਆਦਿ ਦਾ ਸੇਵਨ ਕਰਦਾ ਹੋਵੇ। ਜੇ ਗੱਲ ਮੈਂਬਰਾਂ ਦੀ ਕੀਤੀ ਜਾਵੇ ਤਾਂ ਇਸ ਵਿਚ 170 ਮੈਂਬਰ ਚੁਣ ਕੇ ਆਉਂਦੇ ਹਨ, 15 ਮੈਂਬਰ ਬਾਕੀ ਮੈਂਬਰਾਂ ਨੂੰ ਨਾਮਜ਼ਦ ਕਰਦੇ ਹਨ, ਬਾਕੀ ਹੋਰ ਸਿੰਘ ਸਾਹਿਬਾਨ ਹੁੰਦੇ ਨੇ ਜਿਨ੍ਹਾਂ ਦੀ ਵੋਟ ਨਹੀਂ ਪੈਂਦੀ।

ਦੱਸ ਦੇਈਏ ਕਿ ਇਨ੍ਹਾਂ ਚੋਣਾਂ ਦੀ ਮਿਆਦ 2021 ਤਕ ਬਣਦੀ ਸੀ ਕਿਉਂਕਿ 2016 ਵਿਚ ਜਦੋਂ ਸੁਪ੍ਰੀਮ ਕੋਰਟ ਵਿਚ ਇਹ ਮੁੱਦਾ ਸੀ ਤਾਂ 15 ਸਤੰਬਰ 2016 ਨੂੰ ਇਸ ਨੂੰ ਮਾਨਤਾ ਦੇ ਦਿਤੀ ਗਈ ਸੀ ਤੇ ਜੋ ਹੁਣ ਮੌਜੂਦਾ ਕਮੇਟੀ ਹੈ ਉਸ ਨੂੰ ਇਹ ਬਹਾਨਾ ਮਿਲਿਆ ਸੀ ਕਿ ਉਸ ਨੂੰ ਸੁਪ੍ਰੀਮ ਕੋਰਟ ਵਲੋਂ ਇਹ ਮਾਨਤਾ ਮਿਲੀ ਹੈ। ਇਹ ਮਿਆਦ 5 ਸਾਲ ਦੀ ਸੀ ਤੇ ਉਹ ਮਿਆਦ 2021 ਵਿਚ ਹੀ ਖ਼ਤਮ ਹੋ ਗਈ ਸੀ।