ਸਿੱਖਿਆ ਵਿਭਾਗ ਮੋਹਾਲੀ ਦਾ ਫ਼ੈਸਲਾ; ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਮੋਹਰਾਂ ਵਰਤਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਬਰਾਂ ਅਨੁਸਾਰ ਇਨ੍ਹਾਂ ਹੁਕਮਾਂ ਸਬੰਧੀ 28 ਸਤੰਬਰ ਨੂੰ ਪੱਤਰ ਜਾਰੀ ਹੋਇਆ ਸੀ।

Image: For representation purpose only.


ਚੰਡੀਗੜ੍ਹ: ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਜਿਥੇ ਸਰਕਾਰ ਵਲੋਂ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਸਿੱਖਿਆ ਵਿਭਾਗ ਮੁਹਾਲੀ ਨੇ ਜ਼ਿਲ੍ਹੇ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਵੱਡਾ ਫ਼ੈਸਲਾ ਲਿਆ ਹੈ। ਵਿਭਾਗ ਵਲੋਂ ਸਕੂਲਾਂ ਵਿਚ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ 'ਚ ਬਣੀਆਂ ਮੋਹਰਾਂ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਖ਼ਬਰਾਂ ਅਨੁਸਾਰ ਇਨ੍ਹਾਂ ਹੁਕਮਾਂ ਸਬੰਧੀ 28 ਸਤੰਬਰ ਨੂੰ ਪੱਤਰ ਜਾਰੀ ਹੋਇਆ ਸੀ। ਇਸ ਮਗਰੋਂ ਮੋਹਰਾਂ ਬਣਾਉਣ ਲਈ ਵੱਡੇ ਪੱਧਰ 'ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ਦੌਰਾਨ ਸਾਰੇ ਸਕੂਲਾਂ ਵਿਚ ਹੁਣ ਪੱਤਰਾਂ ਦੀ ਭਾਸ਼ਾ ਤਾਂ ਪੰਜਾਬੀ ਹੋ ਹੀ ਜਾਵੇਗੀ ਬਲਕਿ ਮੋਹਰਾਂ ਵੀ ਪੰਜਾਬੀ ਵਿਚ ਹੀ ਲੱਗਣਗੀਆਂ।

ਦਰਅਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਦੇ ਧਿਆਨ ਵਿਚ ਆਇਆ ਸੀ ਕਿ ਜ਼ਿਲ੍ਹੇ ਦੇ ਵਧੇਰੇ ਸਕੂਲ ਮੁਖੀ ਅੰਗਰੇਜ਼ੀ ਭਾਸ਼ਾ ਵਿਚ ਬਣੀ ਮੋਹਰ ਦੀ ਵਰਤੋਂ ਕਰਦੇ ਹਨ ਜਦਕਿ ਪੱਤਰ-ਵਿਹਾਰ ਪੰਜਾਬੀ ਭਾਸ਼ਾ ਵਿਚ ਹੁੰਦਾ ਸੀ। ਇਸ ਦੇ ਚਲਦਿਆਂ ਤਾਜ਼ਾ ਹੁਕਮ ਜਾਰੀ ਕੀਤੇ ਗਏ ਹਨ।  ਭਾਸ਼ਾ ਵਿਭਾਗ ਮੋਹਾਲੀ ਦੀਆਂ ਟੀਮਾਂ ਜ਼ਿਲ੍ਹੇ ਦੇ ਦਫਤਰਾਂ ਵਿਚ ਲਗਾਤਾਰ ਪੜਤਾਲ ਕਰ ਰਹੀਆਂ ਹਨ।

ਖ਼ਬਰਾਂ ਅਨੁਸਾਰ ਮੋਹਾਲੀ ਤੋਂ ਬਾਅਦ ਬਾਕੀ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰ ਵੀ ਪੰਜਾਬੀ ਭਾਸ਼ਾ 'ਚ ਬਣੀਆਂ ਮੋਹਰਾਂ ਦੇ ਹੁਕਮ ਜਾਰੀ ਕਰਨ ਲੱਗ ਪਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਿੱਖਿਆ ਅਫ਼ਸਰ ਦੇ ਹੁਕਮਾਂ ਵਾਲਾ ਪੱਤਰ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ।