ਵਰਲਡ ਡਿਸਏਬਲਿਟੀ ਡੇਅ ਮੌਕੇ ਅਪਾਹਜ ਬੱਚਿਆਂ ਨੂੰ ਹੱਲਾਸ਼ੇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬਿਲਾਸਪੁਰ ਦੇ ਬੱਚੇ ਅਭੀਜੀਤ ਸਿੰਘ ਨੂੰ ਬਣਾਇਆ ਗਿਆ ਡੀ.ਸੀ.

Encouraging children with disabilities at World Disability Day

ਫ਼ਤਿਹਗੜ੍ਹ ਸਾਹਿਬ (ਇੰਦਰਪ੍ਰੀਤ ਬਖਸ਼ੀ): ਵਰਲਡ ਡਿਸਟੇਬਲਿਟੀ ਡੇਅ ਮੌਕੇ ਪਿੰਡ ਬਿਲਾਸਪੁਰ ਦੇ ਅਪਾਹਜ ਵਿਦਿਆਰਥੀ ਅਭੀਜੀਤ ਸਿੰਘ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਫ਼ਨਾ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅਭੀਜੀਤ ਨੂੰ ਡਿਪਟੀ ਕਮਿਸ਼ਨਰ, ਫ਼ਤਿਹਗੜ੍ਹ ਸਾਹਿਬ ਦੀ ਕੁਰਸੀ 'ਤੇ ਬਿਠਾਇਆ।

ਇਹ ਬੱਚਾ ਸਰਕਾਰੀ ਮਿਲਡ ਸਕੂਲ, ਨੰਗਲਾਂ ਦਾ ਵਿਦਿਆਰਥੀ ਹੈ ਤੇ ਵਰਲਡ ਡਿਸਟੇਬਲਿਟੀ ਡੇਅ ਮੌਕੇ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਉਸ ਨੇ ਫ਼ੈਂਸੀ ਡਰੈਸ ਮੁਕਾਬਲੇ ਵਿਚ ਡਿਪਟੀ ਕਮਿਸ਼ਨਰ ਬਣ ਕੇ ਹਿੱਸਾ ਲਿਆ ਤੇ ਡਿਪਟੀ ਕਮਿਸ਼ਨਰ ਬਣਨ ਦੀ ਇੱਛਾ ਜ਼ਾਹਰ ਕੀਤੀ।  ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਮੌਕੇ ਉਤੇ ਹੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਤੇ ਅਭੀਜੀਤ ਨੂੰ ਡੀ.ਸੀ. ਦੀ ਕੁਰਸੀ 'ਤੇ ਬਿਠਾਉਣ ਦਾ ਫ਼ੈਸਲਾ ਲਿਆ ਗਿਆ।

ਇਸ ਮੌਕੇ ਅਭੀਜੀਤ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਉਪਰਾਲੇ ਲਈ ਧਨਵਾਦ ਕੀਤਾ ਤੇ ਕਿਹਾ ਕਿ ਉਹ ਜ਼ਿੰਦਗੀ ਵਿਚ ਵੱਧ ਤੋਂ ਵੱਧ ਮਿਹਨਤ ਕਰ ਕੇ ਅਪਣੇ ਸੁਫ਼ਨੇ ਪੂਰੇ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਪਾਹਜਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਤੇ ਉਨ੍ਹਾਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਅਪਾਹਜਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ।

ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਵੱਧ ਤੋਂ ਵੱਧ ਹੱਲਾਸ਼ੇਰੀ ਦੇਣੀ ਦੀ ਲੋੜ ਹੁੰਦੀ ਹੈ। ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਸੈਂਟਰਾਂ ਵਿੱਚੋਂ ਆਏ ਬੱਚਿਆਂ ਨੇ ਡਰਾਇੰਗ, ਕਵਿਤਾ ਉਚਾਰਨ, ਫੈਂਸੀ ਡਰੈਸ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ।