ਨਵਜੋਤ ਸਿੱਧੂ ਨੇ ਅਟਾਰੀ-ਵਾਹਘਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ, ਕਿਹਾ ਮੁੜ ਸ਼ੁਰੂ ਕੀਤਾ ਜਾਵੇ ਵਪਾਰ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਅਟਾਰੀ-ਵਾਹਘਾ ਸਰਹੱਦ ਰਾਹੀਂ ਵਪਾਰ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਹੈ।
ਅੰਮ੍ਰਿਤਸਰ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਅਟਾਰੀ-ਵਾਹਘਾ ਸਰਹੱਦ ਰਾਹੀਂ ਵਪਾਰ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਹੈ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਚ ਪਾਈਟੈਕਸ ਮੇਲੇ ਵਿਚ ਪਹੁੰਚੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਅਤੇ ਇਕ ਵਾਰ ਫਿਰ ਅਪੀਲ ਕਰ ਰਿਹਾ ਹਾਂ ਕਿ ਵਪਾਰ ਮੁੜ ਸ਼ੁਰੂ ਹੋਣਾ ਚਾਹੀਦਾ ਹੈ। ਇਸ ਦਾ ਸਾਰਿਆਂ ਨੂੰ ਫਾਇਦਾ ਹੋਵੇਗਾ।
ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਬਣਨ ਜਾ ਰਿਹਾ ਹੈ। ਉਹਨਾਂ ਕਿਹਾ ਮੈਂ ਗਾਰੰਟੀ ਦਿੰਦਾ ਹਾਂ ਕਿ ਥੋੜ੍ਹੇ ਸਮੇਂ ਵਿਚ ਅਸੀਂ ਤੁਹਾਨੂੰ ਇਕ ਵਿਜ਼ਨ ਦੇਵਾਂਗੇ। ਸਿੱਧੂ ਨੇ ਕਿਹਾ ਕਿ ਅੱਖਾਂ ਸਾਰਿਆਂ ਕੋਲ ਹੁੰਦੀਆਂ ਹਨ ਪਰ ਵਿਜ਼ਨ ਕੁਝ ਲੋਕਾਂ ਕੋਲ ਹੀ ਹੁੰਦਾ ਹੈ।
ਕਾਂਗਰਸ ਪ੍ਰਧਾਨ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚ 37 ਬਿਲੀਅਨ ਅਮਰੀਕੀ ਡਾਲਰ ਵਪਾਰ ਦੀ ਸਮਰੱਥਾ ਹੈ। ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ, ਸੰਭਾਵੀ ਦਾ 5 ਫ਼ੀਸਦੀ ਵੀ ਨਹੀਂ। ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿਚ 4,000 ਕਰੋੜ ਦਾ ਨੁਕਸਾਨ ਹੋਇਆ ਹੈ, 15,000 ਨੌਕਰੀਆਂ ਗਈਆਂ ਹਨ। ਨਜਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਵਾਹਗਾ-ਅਟਾਰੀ ਸਰਹੱਦ ਤੋਂ ਵਪਾਰ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਪੰਜਾਬ ਨੂੰ ਹੋਵੇਗਾ। ਛੇ ਮਹੀਨਿਆਂ ਵਿਚ ਪੰਜਾਬ ਸਾਲਾਂ ਦੀ ਤਰੱਕੀ ਕਰ ਲਵੇਗਾ। ਉਹਨਾਂ ਸਵਾਲ ਕੀਤਾ ਕਿ ਜੇਕਰ ਕਰਾਚੀ-ਮੁੰਬਈ ਵਿਚਕਾਰ ਵਪਾਰ ਹੋ ਸਕਦਾ ਹੈ ਤਾਂ ਪੰਜਾਬ ਰਾਹੀਂ ਵਪਾਰ ਕਿਉਂ ਨਹੀਂ ਹੋ ਸਕਦਾ?
ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ 'ਆਪ' ਪੰਜਾਬ 'ਚ ਸਿਰਫ ਸ਼ੁਰਲੀਆਂ ਛੱਡ ਰਹੀ ਹੈ। ਕੇਜਰੀਵਾਲ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੇ ਐਲਾਨ 'ਤੇ ਸਿੱਧੂ ਨੇ ਕਿਹਾ ਕਿ ਪੰਜਾਬੀ ਅਣਖੀ ਹਨ ਅਤੇ ਉਹਨਾਂ ਨੂੰ ਕਿਸੇ ਦੀ ਭੀਖ ਨਹੀਂ ਚਾਹੀਦੀ। ਪ੍ਰੈੱਸ ਕਾਨਫਰੰਸ ਕਰਦਿਆਂ ਸਿੱਧੂ ਨੇ ਦੱਸਿਆ ਕਿ ਆਈਸੀਪੀ 'ਤੇ ਨਵੇਂ ਸਕੈਨਰ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰ ਸਾਲ ਪਾਈਟੈਕਸ ਮੇਲਾ ਲੱਗਦਾ ਹੈ। ਇਸ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਸਿਲਿਕਨ ਰੂਟ ਰਾਹੀਂ ਗੁਆਂਢੀ ਦੇਸ਼ਾਂ ਨਾਲ ਵਪਾਰ ਵਧਾਉਣਾ ਹੋਵੇਗਾ। ਇਸ ਦੇ ਨਾਲ ਹੀ ਵਾਹਗਾ ਅਟਾਰੀ ਸਰਹੱਦ ਰਾਹੀਂ ਵਪਾਰ ਖੁੱਲ੍ਹਣਾ ਚਾਹੀਦਾ ਹੈ।