ਬਠਿੰਡਾ ‘ਚ ਕਿਸਾਨਾਂ ਨੇ ਬੈਂਕ ‘ਚ ਬੰਦ ਕੀਤੇ ਕਰਮਚਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਰਜ਼ ਮਾਫ਼ੀ ਨੂੰ ਲੈ ਕੇ ਪੰਜਵੇਂ ਦਿਨ ਵੀ ਸਹਿਕਾਰੀ ਬੈਂਕ ਦੇ ਬਾਹਰ...

Farmers Protest

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਰਜ਼ ਮਾਫ਼ੀ ਨੂੰ ਲੈ ਕੇ ਪੰਜਵੇਂ ਦਿਨ ਵੀ ਸਹਿਕਾਰੀ ਬੈਂਕ ਦੇ ਬਾਹਰ ਧਰਨਾ ਜਾਰੀ ਰੱਖਿਆ ਗਿਆ। ਦੱਸ ਦਈਏ ਕਿ ਕਿਸਾਨਾਂ ਵਲੋਂ ਮੰਗਲਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਾਲੇ ਦਿਨ ਪੰਜ ਦਿਨਾਂ ਧਰਨੇ ਦਾ ਐਲਾਨ ਕੀਤਾ ਗਿਆ ਸੀ। ਅੱਜ ਧਰਨੇ ਦਾ ਪੰਜਵਾਂ ਦਿਨ ਸੀ, ਜਿਸ ਦੌਰਾਨ ਕਿਸਾਨਾਂ ਨੇ ਸਹਿਕਾਰੀ ਬੈਂਕ ਦੇ ਕਰਮਚਾਰੀਆਂ ਨੂੰ ਬੈਂਕ ਦੇ ਅੰਦਰ ਹੀ ਬੰਦ ਕਰ ਦਿਤਾ।

ਇਹ ਵੀ ਦੱਸ ਦਈਏ ਕਿ ਕਰਜ਼ ਮਾਫ਼ੀ ਅਤੇ ਖ਼ੁਦਕੁਸ਼ੀ ਪੀੜਤ ਕਿਸਾਨ ਪਰਵਾਰਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਬੈਂਕ ਕਰਮਚਾਰੀਆਂ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ਼ ਸਹਿਕਾਰੀ ਬੈਂਕਾਂ ਦੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸਹਿਕਾਰੀ ਖੇਤੀਬਾੜੀ ਬੈਂਕ ਦੇ ਅਧਿਕਾਰੀਆਂ ਵਲੋਂ ਕਿਸਾਨਾਂ ‘ਤੇ ਟਿੱਪਣੀ ਕੀਤੀ ਗਈ ਜੋ ਕਿਸਾਨਾਂ ਦੇ ਖਿਲਾਫ਼ ਹੈ, ਇਸ ਲਈ ਅੱਜ ਉਨ੍ਹਾਂ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਸ਼ਾਮ 5 ਵਜੇ ਤੱਕ ਬੈਂਕ ਦੇ ਅੰਦਰ ਹੀ ਨਜ਼ਰਬੰਦ ਰਹਿਣਗੇ।

ਫ਼ਿਲਹਾਲ ਕਿਸੇ ਵੀ ਬੈਂਕ ਕਰਮਚਾਰੀ ਅਧਿਕਾਰੀ ਨੂੰ ਬੈਂਕ ਤੋਂ ਬਾਹਰ ਨਹੀਂ ਆਉਣ ਦਿਤਾ ਜਾ ਰਿਹਾ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਦੱਸ ਦਈਏ ਕਿ ਭਾਕਿਊ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਵਲੋਂ ਧਰਨਾ ਸ਼ੁਰੂ ਕਰਨ ਵਾਲੇ ਦਿਨ ਕਿਹਾ ਗਿਆ ਸੀ ਕਿ ਬੈਂਕ ਜਾਂ ਆੜ੍ਹਤੀਆ ਜਦੋਂ ਕਿਸਾਨਾਂ ਨੂੰ ਕਰਜ਼ ਦਿੰਦਾ ਹੈ ਤਾਂ ਖ਼ਾਲੀ ਦਸਤਾਵੇਜ਼ਾਂ ਉਤੇ ਕਿਸਾਨ ਦੇ ਹਸਤਾਖ਼ਰ ਕਰਵਾ ਕੇ ਖ਼ਾਲੀ ਚੈਕ ਲੈ ਲੈਂਦੇ ਹਨ।