ਮਾਨ ਨੇ ਖ਼ੁਦ ਹੀ ਲਾਏ 'ਗੁਰਦਾਸ ਮਾਨ-ਮੁਰਦਾਬਾਦ' ਦੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸ ਮਾਨ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ

File Photo

ਅੰਮ੍ਰਿਤਸਰ : ਇੱਥੇ ਭਗਤ ਪੂਰਨ ਸਿੰਘ ਦੀ ਯਾਦ 'ਚ ਬਣੇ ਗੇਟ ਦੇ ਉਦਘਾਟਨ ਲਈ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਆਉਣ ਦੀ ਸੰਭਾਵਨਾ ਦੇ ਮਦੇਨਜ਼ਰ ਕੁੱਝ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ (ਗੁਰਦਾਸ ਮਾਨ) ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਦੀ ਯਾਦ 'ਚ ਬਣੇ ਗੇਟ ਦੇ ਉਦਘਾਟਨ ਲਈ ਮੁੱਖ ਮਹਿਮਾਨ ਵਜੋਂ ਗਾਇਕ ਗੁਰਦਾਸ ਮਾਨ ਨੂੰ ਬੁਲਾਇਆ ਗਿਆ ਸੀ।

ਇਸ ਦੇ ਨਾਲ ਹੀ ਇਥੇ ਨਵਜੋਤ ਕੌਰ ਸਿੱਧੂ ਅਤੇ ਅੰਮ੍ਰਿਤਸਰ ਦੇ ਮੇਅਰ ਵੀ ਆਏ ਹੋਏ ਸਨ।ਜਦੋਂ ਗੁਰਦਾਸ ਮਾਨ ਅਪਣੀ ਲਾਲ ਰੰਗ ਦੀ ਕਾਰ 'ਚ ਪਹੁੰਚੇ ਤਾਂ ਜਿਥੇ ਇਕ ਪਾਸੇ ਕੁੱਝ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਉਥੇ ਹੀ ਕੁੱਝ ਲੋਕਾਂ ਨੇ ਕਾਲੀਆਂ ਝੰਡੀਆਂ ਤੇ ਨਾਹਰੇਬਾਜ਼ੀ ਨਾਲ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ।

ਇਸ ਦੌਰਾਨ ਜਦੋਂ ਗੁਰਦਾਸ ਮਾਨ ਤੋਂ ਪਾਕਿਸਤਾਨ 'ਚ ਗੁਰਦਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਬਹੁਤ ਦੁਖੀ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰੱਬ ਜਾਣੇ ਕਿਸੇ ਨੂੰ ਚੰਗਾ ਲਗਦਾ ਹਾਂ 'ਤੇ ਕਿਸੇ ਨੂੰ ਮੰਦਾ।

ਇਸ ਤੋਂ ਪਹਿਲਾਂ ਸਿੱਖ ਜੰਥੇਬੰਦੀਆਂ ਨੇ ਕਾਲੀਆਂ ਝੰਡੀਆਂ ਤੇ ਨਾਹਰੇਬਾਜ਼ੀ ਨਾਲ ਉਨ੍ਹਾਂ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਮਾਨ ਅਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਰਖਵਾਲਾ ਸਮਝਦਾ ਹੈ। ਪਹਿਲਾਂ ਇਹ ਮੁਆਫ਼ੀ ਮੰਗੇ। ਇਸੇ ਦੌਰਾਨ ਇਕ ਹੋਰ ਅਜੀਬ ਗੱਲ ਦੇਖਣ ਨੂੰ ਮਿਲੀ ਜਦੋਂ ਮੀਡੀਆ ਸਾਹਮਣੇ ਮਾਨ ਨੇ ਆਪ ਹੀ 'ਗੁਰਦਾਸ ਮਾਨ- ਮੁਰਦਾਬਾਦ' ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ। ਦਰਅਸਲ ਪੰਜਾਬੀ ਭਾਸ਼ਾ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਸਿੱਖ ਜਥੇਬੰਦੀਆਂ ਮਾਨ ਦਾ ਵਿਰੋਧ ਕਰ ਰਹੀਆਂ ਸਨ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਮਾਨ ਨੂੰ ਇਸ ਵਿਰੋਧ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਜੋ ਉਨ੍ਹਾਂ ਦਾ ਵੀ ਕਿਸੇ ਨੇ ਵਿਰੋਧ ਕੀਤਾ।