ਅਕਾਲੀ ਆਗੂ 'ਤੇ ਟਰਾਂਸਪੋਰਟ ਵਿਭਾਗ ਦਾ ਸਿਕੰਜਾ, ਦੇਣਾ ਪਵੇਗਾ ਵੱਡਾ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਆਗੂ ਨੇ ਟਰਾਂਸਪੋਰਟ ਵਿਭਾਗ ਦੀ ਦੇਣਦਾਰੀ ਤੋਂ ਕੀਤਾ ਇਨਕਾਰ

file photo

ਫ਼ਰੀਦਕੋਟ : ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਇਕ ਅਕਾਲੀ ਲੀਡਰ ਖਿਲਾਫ਼ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਫ਼ਰੀਦਕੋਟ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਨੇ ਅਕਾਲੀ ਟਰਾਂਸਪੋਰਟਰ ਨੂੰ ਪੱਤਰ ਜਾਰੀ ਕਰਕੇ ਟੈਕਸ ਦੇ ਬਕਾਇਆ 98 ਲੱਖ ਰੁਪਏ ਪੰਜ ਦਿਨਾਂ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਨੇ ਅਪਣੇ ਪੱਤਰ ਨੰਬਰ 353 ਰਾਹੀਂ ਕੁਲੈਕਟਰ ਫਰੀਦਕੋਟ ਨੂੰ ਬੇਨਤੀ ਕੀਤੀ ਹੈ ਕਿ ਅਕਾਲੀ ਲੀਡਰ ਤੋਂ 98 ਲੱਖ 39 ਹਜ਼ਾਰ ਰੁਪਏ ਉਗਰਾਹਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਇਸੇ ਦੌਰਾਨ ਤਹਿਸੀਲਦਾਰ ਫਰੀਦਕੋਟ ਨੇ ਪੱਤਰ ਨੰਬਰ 595 ਮਿਤੀ 03.01.2020 ਜਾਰੀ ਕਰ ਕੇ ਮੈਸ: ਬੇਨਜ਼ੀਰ ਟਰਾਂਸਪੋਰਟ ਕੰਪਨੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ 98 ਲੱਖ ਰੁਪਏ 39 ਹਜ਼ਾਰ ਰੁਪਏ ਪੰਜ ਦਿਨਾਂ ਦੇ ਅੰਦਰ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਣ। ਇਹ ਟਰਾਂਸਪੋਰਟ ਕੰਪਨੀ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਰਵਾਰ ਨਾਲ ਸਬੰਧਤ ਹੈ।

ਜਾਣਕਾਰੀ ਮੁਤਾਬਕ ਬੇਨਜ਼ੀਰ ਟਰਾਂਸਪੋਰਟ ਹੁਣ ਬੰਦ ਹੋ ਚੁੱਕੀ ਹੈ। ਇਸ ਦਾ ਟਰਾਂਸਪੋਰਟ ਵਿਭਾਗ ਵੱਲ ਕਰੀਬ 98 ਲੱਖ ਰੁਪਏ ਟੈਕਸ, ਵਿਆਜ਼ ਤੇ ਜੁਰਮਾਨਾ ਬਕਾਇਆ ਪਿਆ ਹੈ। ਇਸ ਨੂੰ ਵਸੂਲਣ ਲਈ ਟਰਾਂਸਪੋਰਟ ਵਿਭਾਗ ਪਿਛਲੇ 10 ਸਾਲ ਤੋਂ ਕਾਨੂੰਨੀ ਕਾਰਵਾਈ ਵਿਚ ਲੱਗਾ ਹੋਇਆ ਹੈ।

ਦੂਜੇ ਪਾਸੇ ਅਕਾਲੀ ਲੀਡਰ ਬੰਟੀ ਰੋਮਾਣਾ ਕਹਿਣਾ ਹੈ ਕਿ ਉਨ੍ਹਾਂ ਟਰਾਂਸਪੋਰਟ ਵਿਭਾਗ ਦਾ ਕੋਈ ਬਕਾਇਆ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਹ ਪੱਤਰ ਸਿਆਸੀ ਸਲਾਹਕਾਰ ਦੇ ਦਬਾਅ ਹੇਠ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਕੁਸ਼ਲਦੀਪ ਢਿੱਲੋਂ ਦੇ ਗੈਂਗਸਟਰ ਨਿਸ਼ਾਨ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਗਿਆ ਸੀ। ਇਸੇ ਖੁੰਦਕ 'ਚ ਉਨ੍ਹਾਂ ਦੇ ਪਰਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਪਿਛਲੇ 15 ਸਾਲ ਤੋਂ ਬੰਦ ਪਈ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਹਰਦੀਪ ਸਿੰਘ ਨੇ 98 ਲੱਖ ਦੇ ਬਕਾਏ ਦਾ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।

ਕਾਬਲੇਗੌਰ ਹੈ ਕਿ ਪੰਜਾਬ ਅੰਦਰ ਟਰਾਂਸਪੋਰਟ ਦੇ ਕਾਰੋਬਾਰ 'ਤੇ ਸਿਆਸੀ ਆਗੂਆਂ ਦੀ ਨਜ਼ਰੇ-ਨਿਆਮਤ ਸਦਾ ਹੀ ਬਣ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਸੱਤਾਧਾਰੀ ਧਿਰ 'ਤੇ ਅਕਸਰ ਹੀ ਮਲਾਈਦਾਰ ਬੱਸ ਰੂਟਾਂ 'ਤੇ ਰਸੂਖਦਾਰਾਂ ਦੀਆਂ ਬੱਸਾਂ ਲਾਉਣ ਦੀਆਂ ਚਰਚਾਵਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਸੱਤਾ ਤਬਦੀਲੀ ਤੋਂ ਬਾਅਦ ਵੀ ਟਰਾਂਸਪੋਰਟ ਮਹਿਕਮੇ ਅੰਦਰ ਹਲਚਲ ਹੁੰਦੀ ਹੀ ਰਹਿੰਦੀ ਹੈ।