ਢੱਡਰੀਆਂ ਵਾਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ।

Photo

ਅੰਮ੍ਰਿਤਸਰ : ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਢੱਡਰੀਆਂ ਵਾਲਿਆਂ ਨੂੰ ਲੈ ਕੇ ਬਿਆਨ ਦਿੰਦਿਆਂ ਆਖਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਲਦ ਤੋਂ ਜਲਦ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਅਪਣਾ ਪੱਖ ਰੱਖਣ।

ਉਨ੍ਹਾਂ ਇਹ ਵੀ ਆਖਿਆ ਕਿ ਅਕਾਲ ਤਖ਼ਤ ਸਾਹਿਬ 'ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਦਾ ਦਬਾਅ ਝੱਲਾਂਗੇ। ਜਥੇਦਾਰ ਨੇ ਕਿਹਾ ਕਿ ਢੱਡਰੀਆਂ ਵਾਲੇ ਵੱਲੋਂ ਪੰਥ 'ਚੋਂ ਛੇਕਣ ਦੀ ਗੱਲ ਖ਼ੁਦ ਹੀ ਬਣਾਈ ਜਾ ਰਹੀ ਹੈ। ਆਪਣੇ ਬਿਆਨ ਵਿਚ ਅੱਗੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਢੱਡਰੀਆਂ ਵਾਲੇ ਜਾਂ ਤਾਂ ਪੰਜ ਮੈਂਬਰੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਅਪਣਾ ਪੱਖ ਰੱਖਣ ਜਾਂ ਫਿਰ ਉਹ ਵਿਰੋਧ ਕਰਨ ਵਾਲਿਆਂ ਨਾਲ ਗੱਲ ਕਰਨ।

ਇਸ ਦੇ ਨਾਲ ਹੀ ਜਥੇਦਾਰ ਨੇ ਢੱਡਰੀਆਂ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜ਼ਿਕਰਯੋਗ ਐ ਕਿ ਰਣਜੀਤ ਸਿੰਘ ਢੱਡਰੀਆ ਵਾਲਿਆਂ ਨੇ ਕੁੱਝ ਦਿਨ ਪਹਿਲਾਂ ਬਿਆਨ ਜਾਰੀ ਕਰਦਿਆਂ ਆਖਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਭ੍ਰਿਸ਼ਟ ਹੋ ਚੁੱਕਿਆ ਹੈ।

ਉਨ੍ਹਾਂ ਨੂੰ ਕਿਸੇ ਦਬਾਅ ਦੇ ਚਲਦਿਆਂ ਅਕਾਲ ਤਖ਼ਤ 'ਤੇ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਦੋਂ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਵਿਰੁੱਧ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਬਣ ਸਕੀ, ਗੁਰ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਕਈ ਡੇਰਿਆਂ ਵਿਰੁੱਧ ਕੋਈ ਕਮੇਟੀ ਨਹੀਂ ਬਣੀ ਤਾਂ ਮੈਨੂੰ ਜਾਣਬੁੱਝ ਕੇ ਕੁੱਝ ਲੋਕਾਂ ਦੇ ਦਬਾਅ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਢੱਡਰੀਆਂ ਵਾਲੇ ਦੇ ਇਸੇ ਬਿਆਨ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਦੱਸ ਦਈਏ ਕਿ ਦਮਦਮੀ ਟਕਸਾਲ ਦੇ ਅਮਰੀਕ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦੇ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਇਸੇ ਵਿਰੋਧ ਦੇ ਚਲਦਿਆਂ ਉਨ੍ਹਾਂ ਦੇ ਇਕ ਦੀਵਾਨ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰਨੀ ਪਈ ਸੀ।