ਮਾਮਲਾ ਦਮਦਮੀ ਟਕਸਾਲ ਦੇ ਦੋਸ਼ਾਂ ਦਾ : ਢੱਡਰੀਆਂ ਵਾਲਿਆਂ ਨੇ ਵੀ ਸੁਣਾਈਆਂ ਖ਼ਰੀਆਂ-ਖਰੀਆਂ!

ਏਜੰਸੀ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਬਾਬਿਆਂ ਦੀਆਂ ਜਾਇਦਾਦਾਂ ਦੇ ਵੇਰਵੇ ਨਸ਼ਰ ਕਰਨ ਦੀ ਚਿਤਾਵਨੀ

file photo

ਚੰਡੀਗੜ੍ਹ : ਦਮਦਮੀ ਟਕਸਾਲ ਵਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਖੁਦ 'ਤੇ ਲੱਗੇ ਦੋਸ਼ਾਂ ਦੇ ਜਵਾਬ 'ਚ ਵੀਡੀਓ ਜਾਰੀ ਕਰਦਿਆਂ ਵਿਰੋਧੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ।

ਉਨ੍ਹਾਂ ਕਿਹਾ ਕਿ 200 ਵਿੱਘਾ ਜ਼ਮੀਨ ਵਿਚੋਂ ਸਿਰਫ਼ 2 ਏਕੜ ਜ਼ਮੀਨ ਕਰਜ਼ੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤਬਦੀਲ ਹੋਣ ਤੋਂ ਰਹਿ ਗਈ ਸੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵਲੋਂ ਇਸ ਛੋਟੀ ਜਿਹੀ ਗੱਲ ਨੂੰ ਮੁੱਦਾ ਬਣਾ ਕੇ ਦਮਗਜੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਵਿਰੋਧੀ ਧਿਰ ਦੇ ਬਾਬਿਆਂ ਵਲੋਂ ਬਣਾਈਆਂ ਜਾਇਦਾਦਾਂ ਦੇ ਵੇਰਵੇ ਦੇਣ ਲੱਗ ਪਏ ਤਾਂ ਉਨ੍ਹਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਣੇ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਉਨ੍ਹਾਂ ਵਲੋਂ 200 ਵਿੱਘੇ ਤੋਂ ਵੱਧ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰੀ ਕਰਵਾਈ ਗਈ ਸੀ ਜਦਕਿ ਦੋ ਏਕੜ ਜ਼ਮੀਨ ਦੀ ਰਜਿਸਟਰੀ ਨਹੀਂ ਸੀ ਹੋ ਸਕੀ। ਉਨ੍ਹਾਂ ਦਸਿਆ ਕਿ ਸਾਲ 2016 ਵਿਚ ਸੇਖੂਪੁਰੇ ਦੇ ਇਕ ਵਾਸੀ ਨੇ ਇਹ ਜ਼ਮੀਨ ਤੋਂ ਕਰਜ਼ਾ ਉਤਾਰ ਕੇ ਮੇਰੇ ਨਾਮ ਕਰਵਾ ਦਿਤੀ ਸੀ ਜੋ ਕਿ ਜਲਦ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿਤੀ ਜਾਵੇਗੀ।

ਵਿਰੋਧੀਆਂ ਦੇ ਦੋਸ਼ ਕਿ ਭਾਵੇਂ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਹੈ, ਪਰ ਇਸ ਦੀ ਵਰਤੋਂ ਤਾਂ ਢੱਡਰੀਆਂ ਵਾਲੇ ਨੇ ਕਰਨੀ ਹੈ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਤ ਬਾਬੇ ਅਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦੇਣ ਤੇ ਵਰਤੋਂ ਆਪ ਕਰਦੇ ਰਹਿਣ।

ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਖੌਤੀ ਬ੍ਰਹਮ ਗਿਆਨੀਆਂ ਦੇ ਪਰਦੇਫਾਸ਼ ਕੀਤੇ ਜਾ ਰਹੇ ਹਨ, ਜਿਸ ਕਾਰਨ ਮੇਰਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਾਫ਼ੀ ਸਮੇਂ ਤੋਂ ਮੇਰਾ ਪ੍ਰਚਾਰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ ਪਰ ਉਹ ਕਿਸੇ ਦੇ ਦਬਾਅ ਹੇਠ ਆ ਕੇ ਸਿੱਖ ਧਰਮ ਤੇ ਗੁਰਬਾਣੀ ਦਾ ਪ੍ਰਚਾਰ ਬੰਦ ਨਹੀਂ ਕਰਨਗੇ।

ਉਨ੍ਹਾਂ ਸਵਾਲ ਕੀਤਾ ਕਿ ਮੇਰੇ ਪ੍ਰਚਾਰ ਨਾਲ ਕਿਹਾ ਜਾਂਦਾ ਹੈ ਕਿ ਪੰਥ ਦੋਫਾੜ ਹੋ ਰਿਹਾ ਹੈ। ਪਰ ਜਦੋਂ ਇਹੀ ਲੋਕ ਅਕਾਲ ਤਖ਼ਤ ਸਾਹਿਬ ਤੋਂ ਵੱਖਰੀਆਂ ਮਰਿਆਦਾਵਾਂ ਚਲਾਉਂਦੇ ਹਨ, ਕੀ ਉਦੋਂ ਪੰਥ ਦੋਫਾੜ ਨਹੀਂ ਹੁੰਦਾ? ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਨ੍ਹਾਂ ਵੀ ਗੁਰਦੁਆਰਿਆਂ ਵਿਚ ਉਹ ਜਾ ਕੇ ਆਏ ਹਨ, ਉਥੇ ਕਈ ਗੁਰਦੁਆਰਿਆਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਨਹੀਂ ਹੁੰਦੀ, ਤਾਂ ਉਦੋਂ ਜਥੇਦਾਰ ਸਾਹਿਬ ਚੁੱਪ ਕਿਉਂ ਰਹਿੰਦੇ ਹਨ?