ਪਰਮਿੰਦਰ ਨੂੰ ਲੋਕਸਭਾ ਟਿਕਟ ਮਿਲਣ ’ਤੇ ਮੇਰਾ ਆਸ਼ੀਰਵਾਦ ਪਰ ਪ੍ਰਚਾਰ ਨਹੀਂ : ਸੁਖਦੇਵ ਸਿੰਘ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਦੇਵ ਸਿੰਘ ਢੀਂਡਸਾ ਨੇ ਅਪਣੇ ਪੁੱਤਰ ਨੂੰ ਟਿਕਟ ਮਿਲਣ ’ਤੇ ਵਧਾਈ ਅਤੇ ਆਸ਼ੀਰਵਾਦ ਦਿਤਾ

Sukhdev Singh Dhindsa

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਲੋਕਸਭਾ ਸੀਟ ਲਈ ਉਮੀਦਵਾਰ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਪਣੇ ਪੁੱਤਰ ਨੂੰ ਟਿਕਟ ਮਿਲਣ ’ਤੇ ਵਧਾਈ ਅਤੇ ਆਸ਼ੀਰਵਾਦ ਦਿਤਾ ਹੈ ਪਰ ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਲਈ ਚੋਣ ਪ੍ਰਚਾਰ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ।

ਇਸ ਪੱਤਰਕਾਰ ਨਾਲ ਦਿੱਲੀ ਤੋਂ ਫ਼ੋਨ ਉਤੇ ਗੱਲ ਕਰਦਿਆਂ ਅਪਣਾ ਪਹਿਲਾਂ ਪ੍ਰਤੀਕਰਮ ਸੁਖਦੇਵ ਸਿੰਘ ਢੀਂਡਸਾ ਵਲੋਂ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਕਰਾਰੀ ਹਾਰ ਹੋ ਜਾਣ ਤੋਂ ਬਾਅਦ ਕਈ ਸੀਨੀਅਰ ਅਕਾਲੀ ਆਗੂਆਂ ਨੇ ਬਾਦਲ ਪਰਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਲਈ ਸੀ। ਇੱਥੋਂ ਤੱਕ ਕਿ ਮਾਜੇ ਦੇ ਤਿੰਨ ਸੀਨੀਅਰ ਅਕਾਲੀ ਆਗੂਆਂ ਨੇ ਤਾਂ ਪਾਰਟੀ ਹੀ ਛੱਡ ਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਖੜ੍ਹਾ ਕਰ ਲਿਆ।

ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੀ ਸੀਨੀਅਰ ਅਕਾਲੀ ਆਗੂਆਂ ਦੀ ਕਤਾਰ ਵਿਚ ਪ੍ਰਮੁੱਖਤਾ ਨਾਲ ਸੂਮਾਰ ਹੁੰਦੇ ਹੋਏ ਅਕਾਲੀ ਦਲ ਨਾਲ ਵਾਰ-ਵਾਰ ਦੂਰੀ ਤਾਂ ਕਾਇਮ ਕਰਨ ਵਿਚ ਬਰਕਰਾਰ ਰਹੇ ਹਨ ਪਰ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਸੀ ਪਰ ਹੁਣ ਜਦੋਂ ਲੋਕਸਭਾ ਚੋਣਾਂ ਲਈ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਾਹਮਣੇ ਆਉਣ ਲੱਗਾ ਤਾਂ ਉਨ੍ਹਾਂ ਇਕ ਵਾਰ ਫਿਰ ਪਾਰਟੀ ਨਾਲ ਅਪਣੀ ਦੂਰੀ ਦਾ ਪ੍ਰਗਟਾਵਾ ਕਰਦੇ ਹੋਏ ਸਪੱਸ਼ਟ ਸੰਕੇਤ ਦਿੱਤੇ ਗਏ ਤੇ ਉਹ ਹਰਗਿਜ਼ ਨਹੀਂ ਚਾਹੁੰਦੇ ਕਿ ਪਰਮਿੰਦਰ ਲੋਕਸਭਾ ਦੀ ਚੋਣ ਲੜਨ।

ਅੱਜ ਵੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਰਮਿੰਦਰ ਇਕ ਸਫ਼ਲ ਵਿਧਾਇਕ ਹਨ। ਹਲਕੇ ਦੇ ਲੋਕਾਂ ਨੇ ਉਨ੍ਹਾਂ ਵਿਚ ਵਾਰ-ਵਾਰ ਵਿਸ਼ਵਾਸ ਪ੍ਰਗਟਾਇਆ ਹੈ ਪਰ ਫਿਰ ਵੀ ਜੇਕਰ ਉਹ ਪਾਰਟੀ ਦੇ ਕਹੇ ਤੇ ਹੁਣ ਲੋਕਸਭਾ ਚੋਣ ਲੜਨ ਹੀ ਜਾ ਰਹੇ ਹਨ ਤਾਂ ਉਨ੍ਹਾਂ ਦਾ ਆਸ਼ੀਰਵਾਦ ਪੁੱਤਰ ਦੇ ਨਾਲ ਹੈ। ਪਰ ਉਨ੍ਹਾਂ ਦੀ ਸਿਹਤ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ।

ਦੱਸਣਯੋਗ ਹੈ ਅਕਾਲੀ ਦਲ ਦੇ ਸਰ੍ਰਪਸਤ ਪ੍ਰਕਾਸ਼ ਸਿੰਘ ਬਾਦਲ ਢੀਂਡਸਾ ਤੋਂ ਕਿਤੇ ਬਜ਼ੁਰਗਵਾਦ ਹਨ ਪਰ ਪਿਛਲੇ ਦਿਨੀਂ ਉਨ੍ਹਾਂ ਦੀ ਵੀ ਸਿਹਤ ਕਾਫ਼ੀ ਨਾਸਾਜ਼ ਰਹੀ ਹੋਣ ਦੇ ਬਾਵਜੂਦ ਉਹ ਬਕਾਇਦਾ ਤੌਰ ਉਤੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਰੈਲੀ ਵਿਚ ਸ਼ਾਮਲ ਹੋਣ ਲਈ ਗੁਜਰਾਤ ਪੁੱਜੇ ਸਨ।