ਲੋਕ ਸਭਾ ਚੋਣਾਂ : ਭਾਜਪਾ ਸਰਕਾਰ ਵੇਲੇ 3 ਕਰੋੜ ਨੌਕਰੀਆਂ ਗਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀ.ਐਸ.ਟੀ. ਤੇ ਨੋਟ ਬੰਦੀ ਬੇਹੁਦਾ ਫ਼ੈਸਲੇ ਸਾਬਤ ਹੋਏ

Protest

ਚੰਡੀਗੜ੍ਹ : ਕਾਂਗਰਸ ਉਮੀਦਵਾਰਾਂ ਦੀ ਰੈਲੀ ਵਿਚ ਚੋਣ ਪ੍ਰਚਾਰ ਕਰਨ ਆਏ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਅਨੰਦ ਸ਼ਰਮਾ ਨੇ ਅੱਜ ਦੁਪਹਿਰੇ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਹੀ ਸੱਭ ਤੋਂ ਵੱਡੀ ਅਤੇ ਮੋਹਰੀ ਪਾਰਟੀ ਬਣ ਕੇ ਸਾਹਮਣੇ ਆਵੇਗੀ।

ਡਾ. ਮਨਮੋਹਨ ਸਿੰਘ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਅਤੇ ਕੇਂਦਰ ਵਿਚ ਭਾਜਪਾ ਦੀ ਮੋਦੀ ਸਰਕਾਰ ਦੇ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਦੇ ਹੋਏ ਆਨੰਦ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੇਲੇ ਅਪਣੀਆਂ ਗ਼ਲਤ ਨੀਤੀਆਂ ਅਤੇ ਆਰਥਕ ਖੇਤਰ ਵਿਚ ਕੀਤੇ ਬੇਹੁਦਾ ਫ਼ੈਸਲਿਆਂ ਕਾਰਨ ਨੌਜੁਆਨਾਂ ਤੇ ਕਿਰਤੀਆਂ ਨੂੰ 5 ਕਰੋੜ ਨੌਕਰੀਆਂ ਤੋਂ ਲਾਂਭੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਤੇ ਨੋਟ ਬੰਦੀ ਕਾਰਨ ਲੱਖਾਂ ਕਾਰੋਬਾਰ ਬੰਦ ਹੋ ਗਏ।

ਚੋਣਾਂ ਦੇ ਆਖਰੀ ਗੇੜ 19 ਮਈ ਨੂੰ ਵੋਟਾਂ ਪਾਉਣ ਉਪਰੰਤ 23 ਮਈ ਨੂੰ ਗਿਣਤੀ ਵਾਲੇ ਦਿਨ ਮੁਲਕ ਵਿਚ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡੀ ਗਿਣਤੀ ਵਾਲੇ ਮੈਂਬਰਾਂ ਦਾ ਦਲ ਸਾਹਮਣੇ ਆਉਣ ਦਾ ਭਰੋਸਾ ਜਿਤਾਉਂਦੇ ਹੋਏ ਇਸ ਨੇਤਾ ਨੇ ਕਿਹਾ ਕਿ ਸਾਰੀਆਂ ਗ਼ੈਰ ਭਾਜਪਾ ਗਰੁਪਾਂ ਦੀ ਸਾਂਝੀ ਬੈਠਕ ਹੋਵੇਗੀ ਜਿਸ ਵਿਚ ਅਗਲੀ ਸਰਕਾਰ ਬਣਾਉਣ ਬਾਰੇ ਵਿਚਾਰ ਚਰਚਾ ਹੋਵੇਗੀ। 

ਪਿਛਲੇ 30 ਕੁ ਸਾਲਾਂ ਤੋਂ ਬਤੌਰ ਰਾਜ ਸਭਾ ਮੈਂਬਰ ਅਤੇ ਕਾਂਗਰਸ ਹਾਈ ਕਮਾਂਡ ਨਾਲ ਜੁੜੇ ਇਸ ਹਿਮਾਚਲੀ ਲੀਡਰ ਨੇ ਪ੍ਰੈੱਸ ਕਾਨਫ਼ਰੰਸ ਵਿਚ ਲਗਭਗ ਇਕ ਘੰਟੇ ਤੋਂ ਵਧ ਸਮਾਂ ਸਿਰਫ਼ ਪ੍ਰਧਾਨ ਮੰਤਰੀ ਮੋਦੀ ਕੀ ਕਾਰਜਸ਼ੈਲੀ ਦੀ ਆਲੋਚਨਾ ਕੀਤੀ। ਕਾਂਗਰਸ ਵਲੋਂ ਜਾਰੀ ਚੋਣ ਮੈਨੀਫ਼ੈਸਟੋ ਬਾਰੇ ਉਨ੍ਹਾਂ ਕਿਹਾ ਕਿ ਭਵਿਖ ਵਿਚ ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਸਰਕਾਰ ਨੌਜੁਆਨਾਂ ਵਾਸਤੇ 5 ਕਰੋੜ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰੇਗੀ।