ਬਠਿੰਡਾ ਦੇ ਮਾਧਵਨ ਤੇ ਰਮਣੀਕ ਕੌਰ 9ਵੇਂ ਤੇ 10ਵੇਂ ਸਥਾਨ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਖੇਤਰ ਦੀ ਹੱਬ ਬਣ ਚੁਕੇ ਬਠਿੰਡਾ ਸ਼ਹਿਰ ਦੇ ਮਾਧਵਨ ਗੁਪਤਾ ਤੇ ਰਮਣੀਕ ਕੌਰ ਮਾਹਲ ਨੇ ਅੱਜ ਐਲਾਨੇ ਗਏ 'ਨੀਟ' ਦੇ ਨਤੀਜਿਆਂ ਵਿਚ ਵੱਡੀਆਂ ਮੱਲਾਂ ...

Madhwan Gupta and Ramneek Kaur

ਬਠਿੰਡਾ,  ਸਿਖਿਆ ਖੇਤਰ ਦੀ ਹੱਬ ਬਣ ਚੁਕੇ ਬਠਿੰਡਾ ਸ਼ਹਿਰ ਦੇ ਮਾਧਵਨ ਗੁਪਤਾ ਤੇ ਰਮਣੀਕ ਕੌਰ ਮਾਹਲ ਨੇ ਅੱਜ ਐਲਾਨੇ ਗਏ 'ਨੀਟ' ਦੇ ਨਤੀਜਿਆਂ ਵਿਚ ਵੱਡੀਆਂ ਮੱਲਾਂ ਮਾਰਦਿਆਂ 9ਵਾਂ ਅਤੇ 10ਵਾਂ ਸਥਾਨ ਹਾਸਲ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਦੋਵਾਂ ਹੀ ਵਿਦਿਆਰਥੀਆਂ ਨੇ 720 ਅੰਕਾਂ ਵਿਚੋਂ 680 ਅੰਕ ਪ੍ਰਾਪਤ ਕੀਤੇ ਹਨ।

ਅਪਣੇ ਪ੍ਰਵਾਰ ਨਾਲ ਖ਼ੁਸ਼ੀ ਸਾਂਝੀ ਕਰਦੇ ਮਾਧਵਨ ਨੇ ਦਸਿਆ ਕਿ ਉਸ ਨੇ ਗਿਆਰ੍ਹਵੀਂ ਕਲਾਸ ਤੋਂ ਹੀ ਇਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਸੀ। ਸਥਾਨਕ ਸੈਂਟ ਜ਼ੈਵੀਅਰ ਸਕੂਲ ਵਿਚੋਂ ਦਸਵੀਂ ਤੇ ਉਸ ਤੋਂ ਬਾਅਦ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਸੰਤ ਫ਼ਤਿਹ ਸਿੰਘ ਇੰਸਟੀਚਿਊਟ ਤੋਂ ਕਰਨ ਵਾਲੇ ਨੇ ਦੇਸ਼ ਦੇ ਮੈਡੀਕਲ ਖੇਤਰ ਵਿਚ ਸੱਭ ਤੋਂ ਵੱਡੇ ਪੇਪਰ ਨੀਟ ਦੀ ਤਿਆਰੀ ਵੀ ਬਠਿੰਡਾ ਦੀ ਸੰਸਥਾ ਮੈਗਨਿਟ ਇੰਸਟੀਚਿਊਟ ਤੋਂ ਪ੍ਰਾਪਤ ਕੀਤੀ ਹੈ।

ਰਮਣੀਕ ਐਮ.ਬੀ.ਬੀ.ਐਸ ਤੋਂ ਬਾਅਦ ਨਿਊਰੋਲਿਜਟ ਬਣਨਾ ਚਾਹੁੰਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਰਮਣੀਕ ਦੇ ਪਿਤਾ ਅਮਨਜੀਤ ਸਿੰਘ ਤੇ ਮਾਤਾ ਬੀਰਇੰਦਰ ਕੌਰ ਦੋਵੇਂ ਹੀ ਡਾਕਟਰ ਹਨ। ਰਮਣੀਕ ਦੀ ਮਾਤਾ ਬੀਰਇੰਦਰ ਕੌਰ ਨੇ ਇਸ ਮੌਕੇ ਅਪਣੀ ਪੁੱਤਰੀ ਦੀ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ,''ਰਮਣੀਕ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਤੇ ਹੋਣਹਾਰ ਲੜਕੀ ਰਹੀ ਹੈ। ਉਹ ਪੜ੍ਹਾਈ ਲਈ ਹਮੇਸ਼ਾ ਵੱਧ ਤੋਂ ਵੱਧ ਸਮਾਂ ਦਿੰਦੀ ਰਹੀ ਹੈ।''

ਮਾਧਵਨ ਨੇ ਦਸਿਆ ਕਿ ਨਤੀਜੇ ਤੋਂ ਬਾਅਦ ਉਹ ਹੁਣ ਮੋਲਾਣਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਜਾਂ ਏਮਜ਼ ਇੰਸਟੀਚਿਊਟ ਵਿਚ ਦਾਖ਼ਲਾ ਲੈਣਾ ਚਾਹੁੰਦਾ ਹੈ। ਮਾਧਵਾਨ ਦੇ ਪਿਤਾ ਪ੍ਰਦੀਪ ਗੁਪਤਾ ਜਿਥੇ ਇਕ ਵਪਾਰੀ ਹਨ, ਉਥੇ ਉਸ ਦੀ ਮਾਤਾ ਸਿਵਾਨੀ ਗੁਪਤਾ ਸਂੈਟ ਜੈਵੀਅਰ ਸਕੂਲ ਵਿਚ ਹੀ ਸਾਇੰਸ ਦੀ ਅਧਿਆਕਾ ਹੈ। 
ਮਾਧਵਨ ਦੇ ਪਿਤਾ ਪ੍ਰਦੀਪ ਗੁਪਤਾ ਨੇ ਅਪਣੇ ਪੁੱਤਰ ਦੀ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਹੀ ਮਾਧਵਾਨ ਵਲੋਂ ਵੱਡੀ ਪ੍ਰਾਪਤੀ ਦੀ ਉਮੀਦ ਸੀ।

ਉਧਰ ਸ਼ਹਿਰ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਰਮਣੀਕ ਕੌਰ ਮਾਹਲ ਨੇ ਵੀ ਵੱਡੀ ਪ੍ਰਾਪਤੀ ਕੀਤੀ ਹੈ। ਸਥਾਨਕ ਸੈਂਟ ਜੋਸਫ਼ ਸਕੂਲ ਤੋਂ ਦਸਵੀਂ ਅਤੇ ਰੋਜ਼ ਮੈਰੀ ਕਾਨਵੈਟ ਸਕੂਲ ਤੋਂ ਬਾਰ੍ਹਵੀਂ ਕਰਨ ਵਾਲੀ ਰਮਣੀਕ ਦਾ ਵੀ ਸ਼ੁਰੂ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ ਜੋ ਹੁਣ ਉਸ ਨੂੰ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਉਸ ਨੇ ਉਮੀਦ ਜ਼ਾਹਰ ਕੀਤੀ ਕਿ ਉਸ ਨੂੰ ਦਿੱਲੀ ਦੇ ਨਾਮਵਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਚ ਦਾਖ਼ਲਾ ਮਿਲ ਜਾਵੇਗਾ।