ਭਾਰੀ ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਪੰਜਾਬ ਸਮੇਤ ਇਹਨਾਂ 10 ਸੂਬਿਆਂ ਵਿਚ ਅਲਰਟ 

ਏਜੰਸੀ

ਖ਼ਬਰਾਂ, ਪੰਜਾਬ

ਚੱਕਰਵਾਤੀ ਤੂਫਾਨ ਕਮਜ਼ੋਰ ਹੋ ਗਿਆ ਹੈ, ਪਰ ਭਾਰੀ ਬਾਰਿਸ਼ ਦੇ ਰੂਪ ਵਿਚ ਇਸ ਦਾ ਪ੍ਰਭਾਵ ਹਾਲੇ ਵੀ ਦੇਸ਼ ਦੇ ਕਈ ਰਾਜਾਂ ਵਿਚ ਜਾਰੀ ਹੈ।

Rain

ਨਵੀਂ ਦਿੱਲੀ: ਚੱਕਰਵਾਤੀ ਤੂਫਾਨ ਕਮਜ਼ੋਰ ਹੋ ਗਿਆ ਹੈ, ਪਰ ਭਾਰੀ ਬਾਰਿਸ਼ ਦੇ ਰੂਪ ਵਿਚ ਇਸ ਦਾ ਪ੍ਰਭਾਵ ਹਾਲੇ ਵੀ ਦੇਸ਼ ਦੇ ਕਈ ਰਾਜਾਂ ਵਿਚ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਸ਼ੁੱਕਰਵਾਰ ਨੂੰ ਦਿੱਲੀ ਐਨਸੀਆਰ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ, ਬਿਹਾਰ, ਝਾਰਖੰਡ, ਗੁਜਰਾਤ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਕਈ ਸੂਬਿਆਂ ਦੇ ਤਾਪਮਾਨ ਵਿਚ ਕਮੀ ਆਈ ਹੈ।

ਦਿੱਲੀ ਐਨਸੀਆਰ ਵਿਚ ਵੀਰਵਾਰ ਨੂੰ ਬਾਰਿਸ਼ ਹੋਈ, ਇਸ ਨਾਲ ਇੱਥੇ ਮੌਸਮ ਸੁਹਾਵਣਾ ਹੋ ਗਿਆ। ਅਗਲੇ ਕੁਝ ਦਿਨਾਂ ਤੱਕ ਇੱਥੇ ਅਜਿਹਾ ਹੀ ਮੌਸਮ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਸ਼ੁੱਕਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਬਾਰਿਸ਼ ਹੋਈ ਹੈ।  

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉੱਥੇ ਹੀ ਝਾਰਖੰਡ, ਛੱਤੀਸਗੜ੍ਹ, ਤੇਲੰਗਾਨਾ, ਬਿਹਾਰ, ਪੱਛਮੀ ਬੰਗਾਲ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਗੜੇਮਾਰੀ ਹੋ ਸਕਦੀ ਹੈ।

ਇਸ ਦੌਰਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਦੱਸ ਦਈਏ ਕਿ ਦੱਖਣ-ਪੱਛਮੀ ਮਾਨਸੂਨ ਨੇ ਸੋਮਵਾਰ ਨੂੰ ਕੇਰਲ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਦਸਤਕ ਦਿੱਤੀ ਹੈ। ਮੌਸਮ ਵਿਭਾਗ ਨੇ ਅਪਣੇ ਅਨੁਮਾਨ ਵਿਚ ਕਿਹਾ ਹੈ ਕਿ ਇਸ ਦੇ ਨਾਲ ਹੀ ਦੇਸ਼ ਵਿਚ ਚਾਰ ਮਹੀਨੇ ਲੰਬੇ ਬਾਰਿਸ਼ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ।