ਸਾਬਕਾ ਵਿਧਾਇਕ ਸਿੱਕੀ ਦੇ ਪੀ.ਏ. ਕੋਲੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੱਡੀ 'ਤੇ ਫ਼ਰਜ਼ੀ ਨੰਬਰ ਲਗਾ ਕੇ ਕਰਨ ਜਾ ਰਿਹਾ ਸੀ ਨਜਾਇਜ਼ ਸ਼ਰਾਬ ਦੀ ਤਸਕਰੀ

Punjab News

ਥਾਣਾ ਚੋਹਲਾ ਦੀ ਪੁਲੀਸ ਵਲੋਂ ਮਾਮਲਾ ਦਰਜ
ਇਕ ਵਿਅਕਤੀ ਹਿਰਾਸਤ ਵਿਚ ਤੇ ਸਾਬਕਾ ਵਿਧਾਇਕ ਦਾ ਪੀ.ਏ. ਫ਼ਰਾਰ 

ਸ੍ਰੀ ਖਡੂਰ ਸਾਹਿਬ (ਮਾਨ ਸਿੰਘ) : ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗੱਡੀ ਉੱਪਰ ਫ਼ਰਜ਼ੀ ਨੰਬਰ ਲਾ ਕੇ ਸ਼ਰਾਬ ਦੀ ਤਸਕਰੀ ਕਰਨ ਜਾ ਰਹੇ ਦੋ ਸ਼ਰਾਬ ਤਸਕਰਾਂ ਕੋਲੋਂ ਭਾਰੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਫਤਿਆਬਾਦ ਤੋਂ ਚੋਹਲਾ ਸਾਹਿਬ ਰਸਤੇ ਨਜਾਇਜ਼ ਸ਼ਰਾਬ ਲੈ ਕੇ ਜਾ ਰਹੇ ਵਿਅਕਤੀਆਂ ਵਿਚ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਖਾਸਮਖਾਸ ਅਤੇ ਪੀ.ਏ. ਰਹਿਣ ਵਾਲਾ ਸਵਰਾਜ ਸਿੰਘ ਸ਼ਾਮਲ ਹੈ ਜੋ ਭੱਜਣ ਵਿਚ ਕਾਮਯਾਬ ਹੋ ਗਿਆ ਹੈ। 

ਜਦਕਿ ਇਸ ਦਾ ਦੂਸਰਾ ਸਾਥੀ ਰਣਜੀਤ ਸਿੰਘ ਰਾਣਾ ਪੁਲਿਸ ਦੀ ਗ੍ਰਿਫ਼ਤ ਵਿਚ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਹਲਕਾ ਖਡੂਰ ਸਾਹਿਬ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਲਈ ਸਰਗਰਮ ਰਹਿਣ ਵਾਲਾ ਸਵਰਾਜ ਸਿੰਘ ਜ਼ਿਲ੍ਹਾ ਤਰਨਤਾਰਨ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਸੋ ਤੋਂ ਵੱਧ ਮੌਤਾ ਹੋਣ ਦੇ ਮਾਮਲੇ ਵਿਚ ਵੀ ਚਰਚਿਤ ਨਾਮ ਰਿਹਾ ਹੈ।  

 ਇਹ ਵੀ ਪੜ੍ਹੋ: ਅਵਧੇਸ਼ ਰਾਏ ਕਤਲ ਮਾਮਲਾ:  ਮਾਫ਼ੀਆ ਮੁਖਤਾਰ ਅੰਸਾਰੀ ਦੋਸ਼ੀ ਕਰਾਰ 

ਉਸ ਵੇਲੇ ਵਿਰੋਧੀ ਪਾਰਟੀਆਂ ਵਲੋਂ ਸਾਬਕਾ ਵਿਧਾਇਕ ਸਿੱਕੀ ਨਾਲ ਜੁੜੇ ਇਸ ਸ਼ਰਾਬ ਠੇਕੇਦਾਰਾ ਦਾ ਨਾਮ ਕਥਿਤ ਤੌਰ 'ਤੇ ਉਛਲ ਕੇ ਸਾਹਮਣੇ ਆਇਆ ਸੀ। ਜਿਸ 'ਤੇ ਉਸ ਸਮੇਂ ਕਥਿਤ ਸਿਆਸੀ ਛਤਰ ਛਾਇਆ ਦਾ ਪੜਦਾ ਪੈ ਗਿਆ ਸੀ। ਥਾਣਾ ਚੋਹਲਾ ਦੀ ਪੁਲੀਸ ਵਲੋਂ ਅੱਜ ਦੇਰ ਸ਼ਾਮ ਇਕ ਫ਼ਰਜ਼ੀ ਨੰਬਰੀ ਗੱਡੀ ਵਿਚੋਂ ਭਾਰੀ ਮਾਤਰਾ ਵਿਚ ਅੰਗਰੇਜ਼ੀ ਅਤੇ ਦੇਸੀ ਬ੍ਰਾਂਡ ਸ਼ਰਾਬ ਦੀਆਂ ਪੇਟੀਆ ਬਰਾਮਦ ਕੀਤੀਆਂ ਗਈਆ ਹਨ।

ਡੀ.ਐਸ.ਪੀ. ਅਰੁਣ ਕੁਮਾਰ ਸ਼ਰਮਾ ਨੇ ਦਸਿਆ ਕਿ ਇਸ ਬਰਾਮਦਗੀ ਦੌਰਾਨ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਕਰੀਬ 70 ਤੋਂ 78 ਪੇਟੀਆ ਸ਼ਰਾਬ ਦੀਆਂ ਬਰਾਮਦ ਕੀਤੀ ਗਈਆ ਹਨ। ਨਜਾਇਜ਼ ਸ਼ਰਾਬ ਦੀ ਖੇਪ ਲਿਜਾ ਰਹੇ ਮੁਲਾਜ਼ਮਾ ਦੀ ਪਛਾਣ ਰਣਜੀਤ ਸਿੰਘ ਰਾਣਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਖੋਪੁਰ ਅਤੇ ਸਵਰਾਜ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਰੇਸ਼ੀਆਣਾ ਵਜੋਂ ਹੋਈ ਹੈ। ਇਸ ਦੌਰਾਨ ਸਵਰਾਜ ਸਿੰਘ ਫ਼ਰਾਰ ਹੈ। ਜਦਕਿ ਰਣਜੀਤ ਸਿੰਘ ਰਾਣਾ ਨੂੰ ਕਾਬੂ ਕਰ ਲਿਆ ਗਿਆ ਹੈ।