ਮਹਾਰਾਜਾ ਅਮਰਿੰਦਰ ਸਿੰਘ ਦਾ ਸੁਭਾਅ ਦਿਆਲੂ : ਰਾਣਾ ਗੁਰਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਭਾਅ ਮਹਾਰਾਜਿਆਂ ਵਰਗਾ ਦਿਆਲੂ ਹੈ....

Rana Gurjeet Singh at Head Office of Rozana Spokesman

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਭਾਅ ਮਹਾਰਾਜਿਆਂ ਵਰਗਾ ਦਿਆਲੂ ਹੈ। ਉਹ ਪੰਜਾਬ 'ਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋਂ ਵਾਕਫ਼ ਹੋਣ ਦੇ ਬਾਵਜੂਦ ਕਿਸੇ ਬੇਕਸੂਰ ਨੂੰ ਨਸ਼ਾ ਤਸਕਰ ਦਾ ਨਾਂ ਦੇ ਕੇ ਬੇਕਸੂਰ ਨੂੰ ਸਜ਼ਾ ਦੇਣ ਦੇ ਹੱਕ 'ਚ ਨਹੀਂ ਹਨ। ਉਨ੍ਹਾਂ ਦੇ ਖੁਲ੍ਹੇ-ਡੁੱਲ੍ਹੇ ਸੁਭਾਅ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਨਸ਼ੇ ਦੇ ਵੱਡੇ ਮਗਰਮੱਛ ਵਪਾਰੀ ਛੋਟਿਆਂ ਨੂੰ ਫਸਾ ਕੇ ਲਾਂਬੇ ਹੋ ਰਹੇ ਹਨ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿਤੀ ਕਿ ਉਹ ਨਸ਼ੇ ਦੇ ਵੱਡੇ ਤਸਕਰਾਂ ਨੂੰ ਹੱਥ ਪਾਉਣ ਤਾਂ ਜੋ ਬੀਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। 
ਪੰਜਾਬ ਕਾਂਗਰਸ ਦੇ ਨੇਤਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜੋ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ ਅੱਜ ਵਿਸ਼ੇਸ਼ ਤੌਰ 'ਤੇ ਆਏ ਸਨ, ਨੇ ਪ੍ਰਬੰਧਕੀ ਨਿਦੇਸ਼ਕ ਬੀਬੀ ਜਗਜੀਤ ਕੌਰ ਨਾਲ ਗ਼ੈਰ-ਰਸਮੀ ਗੱਲ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਰਾਜ 'ਚ ਪੰਜਾਬ ਵਿਚੋਂ ਸਨਅਤ ਬਾਹਰ ਚਲੀ ਗਈ ਸੀ ਅਤੇ ਉਨ੍ਹਾਂ ਨੇ ਵੀ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਪਣਾ ਅੱਧੇ ਤੋਂ ਵੱਧ ਕਾਰੋਬਾਰ ਬਾਹਰਲੇ ਰਾਜਾਂ 'ਚ ਤਬਦੀਲ ਕਰ ਲਿਆ ਹੈ।

ਉਨ੍ਹਾਂ ਨੇ ਅਪਣੀ ਬਿਆਸ ਦਰਿਆ ਦੇ ਨੇੜੇ ਲੱਗੀ ਖੰਡ ਮਿਲ ਦੇ ਪਾਣੀ ਨੂੰ ਦੂਸ਼ਿਤ ਕਹਿਣ ਦੇ ਦੋਸ਼ਾਂ ਨੂੰ ਨਿਰਮੂਲ ਦਸਦਿਆਂ ਦਾਅਵਾ ਕੀਤਾ ਕਿ ਅਜਿਹਾ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਦੀਆਂ ਲੋਕਮਾਰੂ ਅਤੇ ਭ੍ਰਿਸ਼ਟ ਨੀਤੀਆਂ ਬਾਰੇ ਅਪਣੀ ਗੱਲ ਦੁਬਾਰਾ ਤੋਂ ਦੁਹਰਾਉਂਦਿਆਂ ਕਿਹਾ ਕਿ 14 ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਬਣਨ ਤਕ ਵਾਜਿਬ ਕੰਮ ਕਰਵਾਉਣ ਲਈ ਉਨ੍ਹਾਂ ਤੋਂ ਪੈਸੇ ਮੰਗੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਪੁਲਿਸ ਦੇ ਅਕਸ ਖ਼ਰਾਬ ਹੋਣ 'ਤੇ ਡੁੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਪੁਲਿਸ ਮੁਲਾਜ਼ਮਾਂ 'ਤੇ ਹੱਥ ਚੁੱਕਣਾ ਇਸ ਦਾ ਮੁਢਲਾ ਸੰਕੇਤ ਹੈ। ਰਾਣਾ ਗੁਰਜੀਤ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਦੀ ਨਿਰਪੱਖ ਤੇ ਉਸਾਰੂ ਸੋਚ ਦੀ ਸ਼ਲਾਘਾ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਬੀਬੀ ਨਿਮਰਤ ਕੌਰ ਦੀ ਅਗਵਾਈ 'ਚ 'ਸਕੋਪਸਮੈਨ ਟੀਵੀ' ਲਗਾਤਾਰ ਲੋਕਾਂ 'ਚ ਵਧੇਰੇ ਹਰਮਨਪਿਆਰਾ ਹੋ ਰਿਹਾ ਹੈ।