ਚਾਰ ਬੱਚਿਆਂ ਨੂੰ ਇੱਕਲਿਆਂ ਛੱਡ ਗਾਇਬ ਹੋਈ ਮਾਂ, ਪਿੱਛੇ ਰੁਲ ਰਹੇ ਬੱਚੇ
ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਘਲਾਨੌਰ ਤੇ ਨੇੜਲੇ...
ਗੁਰਦਾਸਪੁਰ: ਮਾਤਾ-ਪਿਤਾ ਹੀ ਪੂਰੀ ਦੁਨੀਆ ਵਿਚ ਅਜਿਹੇ ਸ਼ਖ਼ਸ ਹੁੰਦੇ ਹਨ ਜੋ ਕਿ ਅਪਣੇ ਬੱਚਿਆਂ ਨੂੰ ਬਿਨਾਂ ਸੁਆਰਥ ਦੇ ਪਿਆਰ ਕਰਦੇ ਹਨ। ਕਿਹਾ ਵੀ ਜਾਂਦਾ ਹੈ ਕਿ ਪੁੱਤ-ਕਪੁੱਤ ਹੋ ਸਕਦੇ ਹਨ ਪਰ ਮਾਂ ਕਦੇ ਕੁਮਾਂ ਨਹੀਂ ਹੁੰਦੀ। ਅਜਿਹੀਆਂ ਤੁਕਾਂ ਨੂੰ ਇਸ ਕਲਯੁੱਗੀ ਮਾਂ ਨੇ ਗਲਤ ਸਾਬਿਤ ਕਰ ਅਪਣੀ ਦਰਿੰਦਗੀ ਨੂੰ ਦਰਸਾਇਆ ਹੈ।
ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਘਲਾਨੌਰ ਤੇ ਨੇੜਲੇ ਪਿੰਡ ਰਾਊਡੀਆਨਾ ਦਾ ਹੈ ਜਿੱਥੇ ਮਾਂ ਦੁਆਰਾ ਅਪਣੀ ਦਰਿੰਦਗੀ ਦਿਖਾਉਂਦਿਆਂ ਤਿੰਨ ਕੁੜੀਆਂ ਤੇ ਇਕ ਢਾਈ ਸਾਲ ਦੇ ਮੁੰਡੇ ਨੂੰ ਛੱਡ ਕੇ ਅਪਣੇ ਭਰਾ ਦੇ ਨਾਲ ਪੇਕੇ ਜਾਣ ਦੀ ਗੱਲ ਸਾਹਮਣੇ ਆਈ ਹੈ। ਜਿਸ ਦੇ ਜਾਣ ਤੋਂ ਬਾਅਦ ਅੱਜ ਤਕ ਉਸ ਦੀ ਕੋਈ ਖ਼ਬਰ ਨਹੀਂ ਮਿਲੀ। ਬੱਚਿਆਂ ਦੇ ਮਾਮੇ ਤੋਂ ਪੁੱਛਗਿੱਛ ਕਰਨ ਤੇ ਉਸ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਉਸ ਨੇ ਅਪਣੀ ਭੈਣ ਨੂੰ ਪਿੰਡ ਦੀ ਬੱਸ ਦੇ ਵਿਚ ਬਿਠਾਇਆ ਸੀ।
ਉਸ ਤੋਂ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਗਰੀਬ ਬੱਚਿਆਂ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਹੁਣ ਇਹ ਸਾਰੇ ਬੱਚੇ ਅਪਣੇ ਤਾਏ ਸੁਰਜੀਤ ਸਿੰਘ ਦੇ ਕੋਲ ਰਹਿ ਰਹੇ ਹਨ। ਤਾਏ ਦੀਆਂ ਨਾਮਾਖਾਂ ਉਸ ਦੇ ਘਰ ਦੇ ਹਾਲਾਤਾਂ ਨੂੰ ਦਰਸਾ ਰਹੀਆਂ ਹਨ। ਬੱਚਿਆਂ ਦੇ ਤਾਏ ਨੇ ਦਸਿਆ ਕਿ ਇਕ ਦਿਨ ਗੁਰਪੁਰਬ ਵਾਲੇ ਦਿਨ ਬੱਚਿਆਂ ਦੀ ਮਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਗੁਰਦੁਆਰੇ ਪਰਸ਼ਾਦਾ ਛੱਕਣ ਚਲੇ ਜਾਣ।
ਮਗਰੋਂ ਬੱਚਿਆਂ ਦਾ ਮਾਮਾ ਘਰ ਆਇਆ ਤੇ ਉਸ ਨੂੰ ਲੈ ਕੇ ਚਲਾ ਗਿਆ। ਫਿਰ ਉਸ ਤੋਂ ਬਾਅਦ ਉਹ ਹੁਣ ਤਕ ਘਰ ਨਹੀਂ ਆਈ। ਇਸੇ ਸਦਮੇ ਵਿਚ ਹੀ ਉਸ ਦੇ ਪਤੀ ਦੀ ਵੀ ਮੌਤ ਹੋ ਗਈ। ਉੱਥੇ ਹੀ ਜਦ ਬੱਚਿਆਂ ਦੀ ਭੂਆ ਨਾਲ ਗੱਲਬਾਤ ਹੋਈ ਤਾਂ ਉਸ ਦੇ ਭਰਾ ਦੀ ਮੌਤ ਦਾ ਕਾਰਨ ਅਪਣੀ ਭਾਬੀ ਨੂੰ ਦਸਿਆ ਜੋ ਇਕ ਸਾਲ ਪਹਿਲਾਂ ਘਰੋਂ ਚਲੀ ਗਈ ਸੀ। ਬੱਚਿਆਂ ਦੀ ਭੂਆ ਨੇ ਦਸਿਆ ਕਿ ਬੱਚਿਆਂ ਦੇ ਹਲਾਤਾਂ ਵੱਲ ਦੇਖ ਕੇ ਉਸ ਦੀ ਅੱਖਾਂ ਭਰ ਆਉਂਦੀਆਂ ਹਨ।
ਅੱਜ ਤਕ ਨਾ ਸਰਕਾਰ ਵੱਲੋਂ, ਨਾ ਸੰਸਥਾ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਉਸ ਦਾ ਭਰਾ ਪਹਿਲਾਂ ਗੱਡੀ ਚਲਾਉਂਦਾ ਸੀ ਪਰ ਬਾਅਦ ਵਿਚ ਪਤਨੀ ਦੇ ਜਾਣ ਤੋਂ ਬਾਅਦ ਉਹ ਵੀ ਸਦਮੇ ਵਿਚ ਚਲਾ ਗਿਆ।
ਦਸ ਦਈਏ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਅਜੇ ਤਕ ਕੋਈ ਅੱਗੇ ਨਹੀਂ ਆਇਆ। ਉਮੀਦ ਹੈ ਕਿ ਕੋਈ ਸਮਾਜ ਸੇਵੀ ਜਾਂ ਫਿਰ ਕੋਈ ਸਰਕਾਰ ਦਾ ਨੁਮਾਇੰਦਾ ਬੱਚਿਆਂ ਦੀ ਮਦਦ ਕਰ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਕਰਵਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।