ਵੱਡੇ ਬਾਦਲ ਦੇ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਦਿਤੇ ਬਿਆਨ ਨੇ ਅਕਾਲੀ ਦਲ ਦੀ ਮੁਸੀਬਤ ਵਧਾਈ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਤੋਂ ਹੀ ਗੁੱਸੇ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਹੋਰ ਤਿੱਖੇ ਹੋਏ ਤੇਵਰ

Parkash Singh Badal

ਚੰਡੀਗੜ੍ਹ : ਸਰਗਰਮ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦਾ ਪੱਖ ਪੂਰ ਕੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਸਹੀ ਦਰਸਾਉਣ ਬਾਅਦ ਅਕਾਲੀ ਦਲ ਬਾਦਲ ਦੀ ਸਮੁੱਚੀ ਜਥੇਬੰਦੀ ਨੂੰ ਇਕ ਵਾਰੀ ਫਿਰ ਹਾਸ਼ੀਏ 'ਤੇ ਸੁੱਟ ਦਿਤਾ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਜਥੇਬੰਦੀ ਵਲੋਂ ਖੇਤੀ ਆਰਡੀਨੈਂਸਾਂ ਦੇ ਸਬੰਧ 'ਚ ਬੋਚ-ਬੋਚ ਕਦਮ ਰੱਖੇ ਜਾ ਰਹੇ ਸਨ। ਇਸੇ ਦੌਰਾਨ ਲਗਭਗ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਤਿੱਖੇ ਤੇਵਰ ਅਰਥਾਤ ਅਕਾਲੀ-ਭਾਜਪਾ ਗਠਜੋੜ ਆਗੂਆਂ ਦੇ ਪਿੰਡਾਂ 'ਚ ਦਾਖ਼ਲੇ ਦੀ ਸਖ਼ਤ ਪਾਬੰਦੀ ਦੀਆਂ ਖ਼ਬਰਾਂ ਨੇ ਵੀ ਬਾਦਲਾਂ ਦੀ ਬੇਚੈਨੀ 'ਚ ਵਾਧਾ ਕਰ ਰਖਿਆ ਸੀ।

ਪਰ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤੇ ਹਨ ਕਿ ਉਹ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਬਿਆਨ ਦੇਣ ਪਿੱਛੇ ਅਪਣੀ ਮਜਬੂਰੀ ਪੰਜਾਬੀ ਵਾਸੀਆਂ ਨੂੰ ਜ਼ਰੂਰ ਦੱਸਣ।

ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਐਲਾਨਦਿਆਂ ਸ. ਬਾਦਲ ਵਲੋਂ ਅਕਸਰ ਨੀਲਾ ਤਾਰਾ ਅਪ੍ਰੇਸ਼ਨ ਦੀ ਉਦਾਹਰਨ ਦਿਤੀ ਜਾਂਦੀ ਹੈ ਪਰ ਹੁਣ ਕਾਂਗਰਸ ਪਾਰਟੀ ਨੇ ਵੀ ਬਾਦਲਾਂ ਨੂੰ ਸੁਆਲ ਕੀਤਾ ਹੈ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਦੇ ਮੂਹਰਲੀ ਕਤਾਰ ਦੇ ਸੀਨੀਅਰ ਭਾਜਪਾ ਆਗੂ ਐੱਲ.ਕੇ. ਅਡਵਾਨੀ ਨੇ ਆਪਣੀ ਪੁਸਤਕ 'ਮੇਰੀ ਜ਼ਿੰਦਗੀ ਮੇਰਾ ਦੇਸ਼' ਵਿਚ ਖੁਦ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਲਿਊ ਸਟਾਰ ਅਪ੍ਰੇਸ਼ਨ ਦੇ ਹੱਕ ਵਿਚ ਨਹੀਂ ਸੀ, ਅਸੀਂ ਮਜਬੂਰ ਕਰ ਕੇ ਉਸ ਕੋਲੋਂ ਬਲਿਊ ਸਟਾਰ ਅਪ੍ਰੇਸ਼ਨ ਕਰਵਾਇਆ, ਉਕਤ ਮੁੱਦਾ ਅਨੇਕਾਂ ਵਾਰ ਮੀਡੀਏ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਵੀ ਬਾਦਲਾਂ ਨੇ ਅੱਜ ਤਕ ਭਾਜਪਾ ਨਾਲੋਂ ਅਪਣੀ ਸਾਂਝ ਕਿਉਂ ਨਹੀਂ ਤੋੜੀ?

ਵਿਰੋਧੀ ਧਿਰਾਂ ਦਾ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਲੋਂ ਕਿਸਾਨੀ ਹਿੱਤਾਂ ਸਬੰਧੀ ਆਈ ਲਿਖਤੀ ਚਿੱਠੀ ਦਾ ਹਵਾਲਾ ਦੇ ਕੇ ਬਕਾਇਦਾ ਪਾਰਟੀ ਦੀ ਮੀਟਿੰਗ ਕਰਦੇ ਹਨ ਤੇ ਉਸ ਤੋਂ ਦੋ ਘੰਟਿਆਂ ਬਾਅਦ ਪਾਰਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰਾਉਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਅਗਵਾਈ ਕਰਨ ਦੀ ਬੇਨਤੀ ਕਿਉਂ ਕਰਦੇ ਹਨ?

ਰਾਜਨੀਤਕ ਹਲਕਿਆਂ 'ਚ ਅਤੇ ਪੰਥਕ ਗਲਿਆਰਿਆਂ 'ਚ ਚਰਚਾ ਹੈ ਕਿ ਬੇਅਦਬੀ ਕਾਂਡ, ਉਸ ਤੋਂ ਬਾਅਦ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ, ਜਾਂਚ ਦੇ ਨਾਮ 'ਤੇ ਸਿੱਖ ਨੌਜਵਾਨਾ 'ਤੇ ਥਰਡਡਿਗਰੀ ਤਸ਼ੱਦਦ, ਪਾਵਨ ਸਰੂਪਾਂ ਦੀ ਗੁਮਸ਼ੁਦਗੀ, ਬੇਨਿਯਮੀਆਂ ਤਹਿਤ ਪਾਵਨ ਸਰੂਪਾਂ ਦੀ ਛਪਾਈ ਅਤੇ ਵੇਚਣ ਦੇ ਧੰਦੇ ਦੀ ਕਾਲਾਬਾਜ਼ਾਰੀ ਵਰਗੀਆਂ ਅਨੇਕਾਂ ਅਜਿਹੀਆਂ ਉਦਾਹਰਨਾਂ ਦਿਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਬਾਦਲਾਂ ਸਮੇਤ ਪਾਰਟੀ ਦੇ ਅਕਸ ਨੂੰ ਢਾਹ ਲਾਈ ਹੈ ਤੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਕੀਤੀ ਬਿਆਨਬਾਜ਼ੀ ਨਾਲ ਇਕ ਵਾਰ ਫਿਰ ਅਕਾਲੀ ਦਲ ਬਾਦਲ ਦਾ ਹਾਸ਼ੀਏ 'ਤੇ ਆ ਜਾਣਾ ਸੁਭਾਵਿਕ ਹੈ।