ਕਾਹਲੀ ਅੱਗੇ ਟੋਏ: ਚੌਕੇ-ਛੱਕਿਆਂ ਦੇ ਚੱਕਰ 'ਚ ਸਿਆਸੀ ਪਿੱਚ ਤੋਂ ਸਿੱਧੂ ਦੇ ਮੁੜ ਗਾਇਬ ਹੋਣ ਦੇ ਚਰਚੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲਿਆਂ ਲਈ ਔਖਾ ਪੈਡਾ ਸਾਬਤ ਹੋ ਰਿਹੈ ਕਿਸਾਨਾਂ ਦਾ ਘੋਲ

Navjot Singh Sidhu and Sukhbir Singh Badal

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਲਾਮਿਸਾਲ ਲਾਮਬੰਦੀ ਅਤੇ ਇਸ ਸੰਘਰਸ਼ ਨੂੰ ਹਰ ਵਰਗ ਦੇ ਮਿਲ ਰਹੇ ਸਮਰਥਨ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਨਾਲ-ਨਾਲ ਅਪਣਾ ਸਿਆਸੀ ਪ੍ਰੋਗਰਾਮ ਵਿੱਢਣ ਵਾਲੇ ਆਗੂਆਂ ਨੂੰ ਇਹ ਦਾਅ ਰਾਸ ਨਹੀਂ ਆ ਰਿਹਾ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ 'ਚ ਪ੍ਰਚਾਰ ਅਰੰਭਿਆ ਪਰ ਦਾਅ ਪੁੱਠਾ ਪੈਂਦਾ ਵੇਖ ਯੂ-ਟਰਨ ਲੈਂਦਿਆਂ ਖੇਤੀ ਕਾਨੂੰੰਨਾਂ ਨੂੰ ਭੰਡਣ ਤੋਂ ਇਲਾਵਾ ਕੇਂਦਰੀ ਮੰਤਰੀ ਦਾ ਅਹੁਦਾ ਛੱਡਣ ਅਤੇ ਐਨ.ਡੀ.ਏ. 'ਚੋਂ ਬਾਹਰ ਆਉਣ ਵਰਗੇ ਕਦਮ ਚੁਕ ਲਏ।

ਇੰਨੀ ਜ਼ਿਆਦਾ ਤੇਜ਼ੀ ਵਰਤਣ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਦੇ ਹੱਥ-ਪੱਲੇ ਕੁੱਝ ਨਹੀਂ ਪਿਆ ਤਾਂ ਉਨ੍ਹਾਂ ਨੇ ਇਕ ਹੋਰ ਦਾਅ ਖੇਡਦਿਆਂ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਦੇ ਬਰਾਬਰ ਚੱਕਾ ਜਾਮ ਦਾ ਐਲਾਨ ਕਰ ਦਿਤਾ। ਇਹ ਕਦਮ ਵੀ ਕਾਰਗਰ ਸਾਬਤ ਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਤਿੰਨ ਸਿੱਖ ਤਖ਼ਤਾਂ ਤੋਂ ਚੰਡੀਗੜ੍ਹ ਵੱਲ ਰੋਸ ਮਾਰਚ ਕੱਢਣ ਵਰਗਾ ਸਿਆਸੀ ਪੈਂਤੜਾ ਵੀ ਅਜ਼ਮਾਇਆ ਪਰ ਇਸ ਦਾ ਵੀ ਕੋਈ ਬਹੁਤਾ ਫ਼ਾਇਦਾ ਨਹੀਂ ਹੋਇਆ। ਅੱਜ ਹਾਲਤ ਇਹ ਹੈ ਕਿ ਕਿਸਾਨਾਂ ਦੇ ਚੱਲ ਰਹੇ ਧਰਨਿਆਂ 'ਚ ਅਕਾਲੀਆਂ ਦੇ ਹਰ ਕਦਮ ਨੂੰ ਸਿਆਸੀ ਡਰਾਮੇ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ।

ਦੂਜੇ ਪਾਸੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਜਿਆਦਾ ਸੱਚ ਬੋਲਣਾ ਰਾਸ ਨਹੀਂ ਆ ਰਿਹਾ। ਕਾਂਗਰਸ ਦੀ ਮੋਗਾ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਕੱਲ੍ਹ ਧਮਾਕੇਦਾਰ ਵਾਪਸੀ ਕੀਤੀ। ਉਨ੍ਹਾਂ ਨੇ ਸਿਆਸੀ ਪਿੱਚ 'ਤੇ ਆਉਂਦਿਆਂ ਹੀ ਸ਼ਬਦੀ ਚੌਕੇ-ਛੱਕੇ ਮਾਰਨੇ ਸ਼ੁਰੂ ਕਰ ਦਿਤੇ। ਉਨ੍ਹਾਂ ਦੀ ਸਪੀਡ ਠੱਲਣ  ਦੀ ਕੋਸ਼ਿਸ਼ ਵੀ ਹੋਈ ਪਰ ਲੰਮੀ ਸਿਆਸੀ ਚੁਪੀ ਦੇ ਅੱਕੇ ਨਵਜੋਤ ਸਿੰਘ ਸਿੱਧੂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਦਰਅਸਲ ਬੀਤੇ ਕੱਲ੍ਹ ਮੋਗਾ ਵਿਖੇ ਟਰੈਕਟਰ ਮਾਰਚ ਦੌਰਾਨ ਸਿੱਧੂ ਮੰਚ 'ਤੇ ਕੁੱਝ ਜ਼ਿਆਦਾ ਹੀ ਜ਼ਜਬਾਤੀ ਹੋ ਗਏ ਸਨ। ਸਟੇਜ ਦੀ ਕਾਰਵਾਈ ਸੰਭਾਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਉਨ੍ਹਾਂ ਅੱਗੇ ਇਕ ਪਰਚੀ ਰੱਖ ਜਿਉਂ ਹੀ ਵਾਪਸ ਮੁੜਨ ਲੱਗੇ, ਨਵਜੋਤ ਸਿੱਧੂ ਨੇ ਭਾਸ਼ਨ ਵਿਚੇ ਰੋਕਦਿਆਂ ਲਾਊਡ ਸਪੀਕਰ 'ਤੇ ਹੀ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾ ਦਿਤੀਆਂ। ਉਨ੍ਹਾਂ ਦੇ ਕਹੇ ਸ਼ਬਦ ਜਿੱਥੇ ਪੰਡਾਲ 'ਚ ਮੌਜੂਦ ਸਰੋਤਿਆਂ ਤਕ ਪਹੁੰਚ ਗਏ ਉਥੇ ਹੀ ਮੀਡੀਆ ਤੇ ਸੋਸ਼ਲ ਮੀਡੀਆ 'ਚ ਇਸ ਦੀ ਖ਼ੂਬ ਚਰਚਾ ਵੇਖਣ ਨੂੰ ਮਿਲੀ।

ਸਿੱਧੂ ਦੀ ਤੇਜ਼ੀ ਦਾ ਅਸਰ ਅੱਜ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਦੂਜੇ ਦਿਨ ਸੰਗਰੂਰ ਵਿਖੇ ਸਜਾਏ ਗਏ ਮੰਚ 'ਤੇ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰੀ ਨੇ ਨਵੀਂ ਬਹਿਸ਼ ਛਿੜ ਦਿਤੀ ਹੈ। ਇਸ ਨੂੰ ਉਨ੍ਹਾਂ ਵਲੋਂ ਬੀਤੇ ਕੱਲ੍ਹ ਭਾਸ਼ਨ ਦੌਰਾਨ ਕੀਤੀ ਜ਼ੋਰਦਾਰ ਸ਼ਬਦੀ ਬੈਟਿੰਗ ਤੋਂ ਬਾਅਦ ਉਨ੍ਹਾਂ ਦੇ ਰਨ-ਆਊਟ ਹੋ ਜਾਣ ਨਾਲ ਜੋੜ ਵੇਖਿਆ ਜਾ ਰਿਹਾ ਹੈ। ਚੱਲ ਰਹੀਆਂ ਚਰਚਾਵਾਂ ਮੁਤਾਬਕ ਸਿੱਧੂ ਨੂੰ ਕਾਂਗਰਸ ਦੇ ਸਿਆਸੀ ਮੰਚ 'ਤੇ ਲਿਆਉਣ ਵਾਲੇ ਪੰਜਾਬ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ ਦੀ ਵੀ ਪੁਛ-ਪ੍ਰਤੀਤ ਘੱਟ ਗਈ ਹੈ। ਟੀਵੀ ਚੈਨਲਾਂ 'ਤੇ ਵਿਖਾਈਆਂ ਜਾ ਰਹੀਆਂ ਫੁਟਿਜ਼ 'ਚ ਕੈਪਟਨ ਸਮੇਤ ਸਾਰੇ ਆਗੂ ਮੰਚ 'ਤੇ ਬਿਰਾਜਮਾਨ ਹਨ ਜਦਕਿ ਹਰੀਸ਼ ਰਾਵਤ ਅਪਣੇ ਬੈਠਣ ਦੀ ਸੀਟ ਲੱਭਦੇ ਵਿਖਾਈ ਦੇ ਰਹੇ ਹਨ। ਇਸ ਨੂੰ ਵੀ ਬੀਤੇ ਕੱਲ੍ਹ ਦੇ ਸਿੱਧੂ ਦੇ ਭਾਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਮਾ. ਮੋਹਨ ਲਾਲ ਨੇ ਵੀ ਸਿੱਧੂ ਬਾਰੇ ਵਿਵਾਦਤ ਟਿੱਪਣੀ ਕਰ ਕੇ ਮਾਮਲੇ ਨੂੰ ਹੋਰ ਹਵਾ ਦੇ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਿੱਧੂ ਦੀ ਮਾਂ ਪਾਰਟੀ ਹੈ, ਜਿੱਥੇ ਉਨ੍ਹਾਂ ਨੂੰ ਬਣਦਾ ਮਾਣ ਮਿਲ ਸਕਦਾ ਹੈ। ਕਾਂਗਰਸ ਦੇ ਕਲਚਰ ਨੂੰ ਸਿੱਧੂ ਦੀਆਂ ਇਛਾਵਾਂ ਦੇ ਉਲਟ ਦਸਦਿਆਂ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਸਿੱਧੂ ਨੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਭਾਜਪਾ ਤੋਂ ਕੀਤੀ ਸੀ। ਭਾਜਪਾ ਨੇ ਜਿੱਥੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿਤਾ ਉਥੇ ਹੀ ਸਿੱਧੂ ਨੂੰ ਵੀ ਹਮੇਸ਼ਾ ਬਣਦਾ ਮਾਣ-ਸਨਮਾਨ ਦਿਤਾ ਹੈ। ਇਸ ਲਈ ਸਿੱਧੂ ਨੂੰ ਮੁੜ ਅਪਣੀ ਮਾਂ-ਪਾਰਟੀ ਵੱਲ ਪਰਤ ਆਉਣਾ ਚਾਹੀਦਾ ਹੈ। ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਕਿਸਾਨੀ ਸੰਘਰਸ਼ 'ਚੋਂ ਸਿਆਸੀ ਰਾਹਾਂ ਭਾਲਣ ਵਾਲਿਆਂ ਲਈ ਇਹ ਰਸਤਾ ਸ਼ਾਇਦ ਇੰਨਾ ਅਸਾਨ ਨਹੀਂ, ਜਿੰਨਾ ਉਹ ਸਮਝ ਰਹੇ ਹਨ।