ਰਾਹੁਲ ਦੀ ਰੈਲੀ ਦੌਰਾਨ ਵਰਤੇ ਗਏ ਟਰੈਕਟਰ ਨੂੰ ਲੈ ਕੇ ਛਿੜੀ ਚਰਚਾ, ਟਵਿਟਰ 'ਤੇ ਟ੍ਰੋਲ ਹੋਣ ਲੱਗੇ ਆਗੂ
ਟਰੈਕਟਰ 'ਤੇ ਸੋਫੇ ਲਾਉਣ ਨੂੰ ਲੈ ਕੇ ਸਵਾਲ ਉਠਾ ਰਹੇ ਨੇ ਲੋਕ
ਚੰਡੀਗੜ੍ਹ : ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ‘ਚ ਸ਼ੁਰੂ ਕੀਤੀ ‘ਖੇਤੀ ਬਚਾਓ ਯਾਤਰਾ’ ਦਾ ਪਹਿਲਾ ਦਿਨ ਪਾਰਟੀ ਲਈ ਕੋਈ ਚੰਗਾ ਸੰਦੇਸ਼ ਨਹੀਂ ਦੇ ਕੇ ਗਿਆ। ਕਿਸਾਨਾਂ ਦੇ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਦੇ ਵਿਪਰੀਤ ਸਿਆਸੀ ਦਲਾਂ ਵਲੋਂ ਵਿੱਢੇ ਜਾ ਰਹੇ ਇਨ੍ਹਾਂ ਪ੍ਰੋਗਰਾਮਾਂ ‘ਤੇ ਲੋਕ ਤਿਰਛੀ ਨਜ਼ਰ ਰੱਖ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਹੋਈ ਛੋਟੀ ਤੋਂ ਛੋਟੀ ਹਰਕਤ ‘ਤੇ ਵੀ ਲੋਕਾਂ ਦੀ ਨਜ਼ਰ ਜਾ ਰਹੀ ਹੈ, ਇਹੀ ਵਜਾ ਹੈ ਕਿ ਬੀਤੇ ਕੱਲ੍ਹ ਦੀ ਕਾਂਗਰਸ ਦੀ ਟਰੈਕਟਰ ਰੈਲੀ ਦੌਰਾਨ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਭਾਸ਼ਨ ਨੂੰ ਲੈ ਕੇ ਚਰਚਾਵਾਂ ਦਾ ਬਾਜਾਰ ਗਰਮ ਹੈ, ਉਥੇ ਹੀ ਰੈਲੀ ਲਈ ਵਰਤਿਆ ਗਿਆ ਟਰੈਕਟਰ ਅਤੇ ਉਸ ‘ਤੇ ਫਿੱਟ ਕੀਤੇ ਗਏ ਸੋਫਿਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ਼ ਛਿੜੀ ਹੋਈ ਹੈ।
ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਆਗੂ ਟਰੈਕਟਰ ਦੇ ਮਰਗਾਰਡ ‘ਤੇ ਬਿਨਾਂ ਸੋਫੇ ਤੋਂ ਬੈਠ ਨਹੀਂ ਸਕਦੇ, ਉਹ ਕਿਸਾਨਾਂ ਲਈ ਕੀ ਕਰ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਕਿਸਾਨ ਰੈਲਾਂ ਦੀਆਂ ਪਟੜੀਆਂ ‘ਤੇ ਨੰਗੇ ਧੜ ਪ੍ਰਦਰਸ਼ਨ ਕਰ ਰਹੇ ਹਨ ਉਥੇ ਸਿਆਸੀ ਆਗੂ ਕਿਸਾਨਾਂ ਦੇ ਨਾਮ ‘ਤੇ ਟਰੈਕਟਰ ਮਾਰਚ ਕੱਢਣ ਵੇਲੇ ਵੀ ਆਪਣੇ ਐਸ਼ੋ-ਆਰਾਮ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ।
ਟ੍ਰੈਕਟਰ ਰੈਲੀ ਦੌਰਾਨ ਟ੍ਰੈਕਟਰ 'ਤੇ ਸੋਫੇ ਲਾਏ ਜਾਣ ਦੀਆਂ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਟਵਿਟਰ 'ਤੇ ਟ੍ਰੋਲ ਹੋਣੇ ਸ਼ੁਰੂ ਹੋ ਗਏ ਹਨ। ਟਵਿਟਰ ਯੂਜ਼ਰਜ਼ ਵੱਲੋਂ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਟ੍ਰੈਕਟਰ ਦੇ ਮਡਗਾਰਡ ਉੱਪਰ ਬਿਨਾਂ ਗੱਦਿਆਂ ਦੇ ਨਹੀਂ ਬੈਠ ਸਕਦੇ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰਵਾ ਸਕਦੇ ਹਨ?
ਇਕ ਯੂਜ਼ਰ ਜਸਪ੍ਰੀਤ ਸਿੰਘ ਮਾਨ ਨੇ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਇਹ ਟ੍ਰੈਕਟਰ ਹਿੰਦੋਸਤਾਨ ਨਾਂ ਦੀ ਕੰਪਨੀ ਦਾ ਹੈ ਅਤੇ ਇਹ ਕੰਪਨੀ ਸੋਫੇ ਵਾਲਾ ਟ੍ਰੈਕਟਰ ਨਹੀਂ ਬਣਾਉਂਦੀ। ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ। ਇਕ ਹੋਰ ਯੂਜ਼ਰ ਹਰਕੀਰਤ ਸਿੰਘ ਸੰਧੂ ਨੇ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਜਿਹੜਾ ਟ੍ਰੈਕਟਰ ਕਾਂਗਰਸ ਨੇ ਦਿੱਲੀ ਵਿਚ ਸਾੜਿਆ ਸੀ, ਉਸ 'ਤੇ ਹੀ ਸੋਫਾ ਲਵਾ ਲਿਆ ਲੱਗਦਾ ਹੈ। ਉਂਝ ਪੱਪੂ ਨੇ ਪੋਜ਼ ਤਾਂ ਅਮਿਤਾਭ ਬੱਚਨ ਵਾਲਾ ਮਾਰਿਆ ਹੈ। ਇਸ ਟਰੈਕਟਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ‘ਚ ਵਾਇਰਲ ਹੋ ਰਹੀਆਂ ਹਨ । ਟਵਿੱਟਰ 'ਤੇ ਲੋਕ ਰਾਹੁਲ ਨੂੰ ਟਰੋਲ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਕ ਟਵਿਟਰ ਯੂਜ਼ਰ ਹਰਪ੍ਰੀਤ ਸ਼ਾਬਾਜ਼ ਸਿੰਘ ਨੇ ਲਿਖਿਆ ਕਿ ਹੁਣ ਕਾਂਗਰਸ ਸਮਾਰਟਫੋਨ ਤੋਂ ਬਾਅਦ ਸੋਫੇ ਵਾਲੇ ਟ੍ਰੈਕਟਰ ਵੰਡਣ ਦੀ ਤਿਆਰੀ ਵਿਚ ਹੈ।
ਟਵਿਟਰ 'ਤੇ ਟ੍ਰੈਂਡ ਕੀਤੇ ਗਏ 'ਡਰਾਮੇਬਾਜ਼ ਪੱਪੂ ਇਨ ਪੰਜਾਬ' ਹੈਸ਼ਟੈਗ ਅਧੀਨ ਟਵਿਟਰ ਯੂਜ਼ਰਜ਼ ਨੇ ਰਾਹੁਲ ਗਾਂਧੀ ਦੇ ਆਲੂ ਤੋਂ ਸੋਨਾ ਬਣਾਉਣ ਵਾਲੇ ਬਿਆਨ 'ਤੇ ਵੀ ਖੂਬ ਚੁਟਕੀਆਂ ਲਈਆਂ ਅਤੇ ਦੋਸ਼ ਲਾਇਆ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਐੱਫ. ਸੀ. ਆਈ. ਅਤੇ ਅਡਾਨੀਆਂ ਦਰਮਿਆਨ ਕਰਾਰ ਕੀਤੇ ਗਏ ਸਨ ਅਤੇ ਕਾਂਗਰਸ ਨੇ 2017 ਵਿਚ ਵਿਧਾਨ ਸਭਾ ਚੋਣਾਂ ਵੇਲੇ ਚੋਣਾਂ ਤੋਂ ਪਹਿਲਾਂ ਅਜਿਹੇ ਹੀ ਕਾਨੂੰਨ ਪਾਸ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਾਂਗਰਸ ਇਨ੍ਹਾਂ ਦਾ ਵਿਰੋਧ ਕਰ ਕੇ ਡਰਾਮੇਬਾਜ਼ੀ ਕਰ ਰਹੀ ਹੈ। ਟਵਿਟਰ ਯੂਜ਼ਰ ਨੇ ਨਾਲ ਹੀ ਇਹ ਵੀ ਲਿਖਿਆ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ ਪਰ ਹੁਣ ਉਨ੍ਹਾਂ ਦਾ ਸਮਰਥਨ ਲੈਣ ਲਈ ਹੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ।