ਸਿੱਖਿਆ ਮੰਤਰੀ ਦਾ ਵਿਵਾਦਿਤ ਬਿਆਨ, ਸਰਕਾਰੀ ਸਕੂਲ ਨੂੰ ਦੱਸਿਆ ਢਾਬਾ ਤੇ ਨਿਜੀ ਸਕੂਲ ਫ਼ਾਈਵ ਸਟਾਰ ਹੋਟਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਵਿਚ ਸਿੱਖਿਆ ਮੰਤਰੀ ਓਪੀ ਸੋਨੀ ਵਲੋਂ ਵਿਵਾਦਿਤ ਬਿਆਨ ਦਿਤਾ ਗਿਆ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ...

OP Soni controversial statement

ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਵਿਚ ਸਿੱਖਿਆ ਮੰਤਰੀ ਓਪੀ ਸੋਨੀ ਵਲੋਂ ਵਿਵਾਦਿਤ ਬਿਆਨ ਦਿਤਾ ਗਿਆ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਨਾਲ ਕੀਤੀ ਅਤੇ ਨਿਜੀ ਸਕੂਲਾਂ ਦੀ ਫਾਈਵ ਸਟਾਰ ਹੋਟਲ ਨਾਲ। ਨਿਜੀ ਸਕੂਲਾਂ ਵਿਚ ਮੋਟੀ ਫ਼ੀਸ ਉਤੇ ਰੋਕ ਲਗਾਉਣ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਇਸ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਮੋਟੀ ਫ਼ੀਸ ਕਿਉਂ ਵਸੂਲੀ ਜਾ ਰਹੀ ਹੈ, ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਫਾਈਵ ਸਟਾਰ ਹੋਟਲ ਅਤੇ ਢਾਬੇ ਵਿਚ ਫ਼ਰਕ ਤਾਂ ਹੁੰਦਾ ਹੀ ਹੈ।

ਨਾਲ ਹੀ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦੇ ਲਈ ਵੀ ਵਚਨਬੱਧ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਵੀ ਆਈਏਐਸ ਅਤੇ ਆਈਪੀਐਸ ਅਧਿਕਾਰੀ ਬਣ ਸਕਣ। ਉਹ ਚਾਹੁੰਦੇ ਹਨ ਕਿ ਲੋਕ ਨਿਜੀ ਸਕੂਲਾਂ ਦੀ ਬਜਾਏ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਿਵਾਉਣ,  ਜਿੱਥੇ ਹਰ ਇਕ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।

ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਵਿਚ ਡੀਈਓ (ਸੈਕੰਡਰੀ) ਸਤਨਾਮ ਸਿੰਘ ਬਾਠ ਦੇ ਗ਼ੈਰ-ਹਾਜ਼ਰ ਰਹਿਣ ਦਾ ਕਰੜਾ ਫ਼ੈਸਲਾ ਲੈਂਦੇ ਹੋਏ ਸੋਨੀ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪੱਧਰੀ ਇਹ ਬੈਠਕ ਕਾਫ਼ੀ ਅਹਿਮ ਹੁੰਦੀ ਹੈ। ਇਸ ਵਿਚ ਗ਼ੈਰ-ਹਾਜ਼ਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਹਰ ਇਕ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਵਿਭਾਗ ਅਧਿਕਾਰੀਆਂ ਦੀ ਹਾਜ਼ਰੀ ਜਰੂਰੀ ਹੈ।

ਉੱਧਰ, ਡੀਈਓ ਸਤਨਾਮ ਸਿੰਘ ਨੇ ਕਿਹਾ ਕਿ ਉਹ 2 ਜਨਵਰੀ ਤੋਂ ਛੁੱਟੀ ਉਤੇ ਹਨ। ਉਨ੍ਹਾਂ ਨੂੰ ਬੁਖ਼ਾਰ ਹੈ। ਉਨ੍ਹਾਂ ਦੀ ਛੁੱਟੀ ਅਗਲੇ ਸੋਮਵਾਰ ਤੱਕ ਹੈ। ਸੋਨੀ ਨੇ ਕਿਹਾ ਹੈ ਕਿ ਜੇਕਰ ਮੌਜੂਦਾ ਸਿੱਖਿਅਕ ਸੈਸ਼ਨ ਦੇ ਦੌਰਾਨ ਕਿਸੇ ਵੀ ਸਕੂਲ ਦੇ ਨਤੀਜੇ 70 ਫ਼ੀਸਦ ਤੋਂ ਘੱਟ ਪਾਏ ਗਏ ਤਾਂ ਸਬੰਧਤ ਸਕੂਲ ਪ੍ਰਿੰਸੀਪਲ ਦੇ ਖਿਲਾਫ਼ ਕਰੜੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਬੰਧਤ ਜ਼ਿਲ੍ਹੇ ਦੇ ਡੀਈਓ ਦੀ ਵੀ ਜਵਾਬਦੇਹੀ ਹੋਵੇਗੀ।