ਬੱਬਰ ਖਾਲਸਾ ਦੇ ਤਿੰਨ ਸਮਰਥਕਾਂ ਨੂੰ ਉਮਰਕੈਦ, ਜਾਣੋਂ ਕੀ ਸੀ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਾਂ ਸ਼ਹਿਰ ਦੀ ਇਕ ਅਦਾਲਤ ਨੇ ਕਰੀਬ ਢਾਈ ਸਾਲ ਪੁਰਾਣੇ ਮਾਮਲੇ ਵਿਚ ਬੱਬਰ ਖਾਲਸੇ ਦੇ ਤਿੰਨ ਸਮਰਥਕਾਂ ਨੂੰ ਉਮਰਕੈਦ...

Court

ਚੰਡੀਗੜ੍ਹ : ਨਵਾਂ ਸ਼ਹਿਰ ਦੀ ਇਕ ਅਦਾਲਤ ਨੇ ਕਰੀਬ ਢਾਈ ਸਾਲ ਪੁਰਾਣੇ ਮਾਮਲੇ ਵਿਚ ਬੱਬਰ ਖਾਲਸੇ ਦੇ ਤਿੰਨ ਸਮਰਥਕਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਤਿੰਨਾਂ ਉਤੇ ਸਰਕਾਰ ਦੇ ਵਿਰੁਧ ਲੜਾਈ ਅਤੇ ਇਸ ਦੀ ਸਾਜਿਸ਼ ਰਚਣ ਦੀਆਂ ਧਾਰਾਵਾਂ 121 ਅਤੇ 121 ਏ ਦੇ ਤਹਿਤ ਮਈ 2016 ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਨਵਾਂ ਸ਼ਹਿਰ ਪੁਲਿਸ ਨੇ ਇੰਟੇਲੀਜੈਂਸ ਇਨਪੁਟ ਦੇ ਅਧਾਰ ਉਤੇ ਮਈ 2016 ਵਿਚ ਥਾਣੇ ਰਾਹਾਂ ਦੇ ਪਿੰਡ ਪੱਲੀਆਂ ਖੁਰਦ ਤੋਂ ਬੱਬਰ ਖਾਲਸਾ ਨਾਲ ਜੁੜੇ ਸਮਰਥਕ ਅਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਅਰਵਿੰਦਰ ਉਤੇ ਇਲਜ਼ਾਮ ਸੀ ਕਿ ਉਹ ਵਿਦੇਸ਼ਾਂ ਵਿਚ ਬੈਠੇ ਸਮਰਥਕਾਂ ਦੇ ਇਸ਼ਾਰੇ ਉਤੇ ਬੱਬਰ ਖਾਲਸਾ ਲਈ ਸੋਸ਼ਲ ਮੀਡੀਆ ਉਤੇ ਨੌਜਵਾਨਾਂ ਨੂੰ ਸਰਕਾਰ  ਦੇ ਵਿਰੁਧ ਟੁੰਬ ਰਿਹਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਸੰਗਠਨ ਵਿਚ ਭਰਤੀ ਕਰਨ ਦਾ ਕੰਮ ਕਰ ਰਿਹਾ ਸੀ। ਅਰਵਿੰਦਰ ਜਦੋਂ ਦੋਹਾ ਕਤਰ ਵਿਚ ਰਹਿ ਰਿਹਾ ਸੀ। ਉਦੋਂ ਉਹ ਉਥੇ ਬੱਬਰ ਖਾਲਸਾ ਦੇ ਸੰਪਰਕ ਵਿਚ ਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿਚ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਗੁਰਦਾਸਪੁਰ ਦੇ ਪਿੰਡ ਬਹਾਦਰ ਸਿੰਘ ਦਾ ਸੁਰਜੀਤ ਸਿੰਘ ਅਤੇ ਕੈਥਲ (ਹਰਿਆਣਾ) ਦੇ ਪਿੰਡ ਨੋਚ ਦਾ ਰਣਜੀਤ ਸਿੰਘ ਅਰਵਿੰਦਰ ਦੇ ਸੰਪਰਕ ਵਿਚ ਸਨ।

ਇਨ੍ਹਾਂ ਤਿੰਨਾਂ ਨਾਲ ਮਿਲ ਕੇ ਕੰਮ ਕਰਦੇ ਸਨ। ਮਾਮਲੇ ਵਿਚ ਦੋਨਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਐਡੀਸ਼ਨਲ ਸੈਸ਼ਨ ਮੁਨਸਫ਼ ਰਣਧੀਰ ਵਰਮਾ ਦੀ ਅਦਾਲਤ ਨੇ ਅਰਵਿੰਦਰ, ਸੁਰਜੀਤ ਅਤੇ ਰਣਜੀਤ ਨੂੰ ਦੋਸ਼ੀ ਮੰਨਦੇ ਹੋਏ ਆਈਪੀਸੀ ਦੀ ਧਾਰਾ 121  ਦੇ ਤਹਿਤ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਤੇ ਆਈਪੀਸੀ ਦੀ ਧਾਰਾ 121 ਏ ਦੇ ਤਹਿਤ 10 ਸਾਲ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਦੋਨਾਂ ਸਜਾ ਇਕੱਠੀਆਂ ਚੱਲਣਗੀਆਂ।