ਭਾਰਤ ਦੇ ਸਟਾਰਟਅੱਪ ਧੁਰੇ ਵਜੋਂ ਉੱਭਰੇਗਾ ਪੰਜਾਬ : ਸਿੰਗਲਾ
ਨਵੇਂ ਉੱਦਮਾਂ ਦੀ ਸਹਾਇਤਾ ਪੰਜਾਬ ਦੀ ਸਨਅਤੀ ਤੇ ਵਪਾਰ ਨੀਤੀ 2017 ਦਾ ਵਿਸ਼ੇਸ਼ ਪਹਿਲੂ : ਸੁੰਦਰ ਸ਼ਾਮ ਅਰੋੜਾ
ਚੰਡੀਗੜ੍ਹ : ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਭਾਲਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਨ ਲਈ ਅਪਣੀ ਉੱਦਮੀ ਮੁਹਾਰਤ ਨੂੰ ਨਿਖਾਰਨ ਦਾ ਸੱਦਾ ਦਿੰਦਿਆਂ ਪੰਜਾਬ ਦੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉੱਦਮਤਾ ਹਮੇਸ਼ਾ ਤੋਂ ਪੰਜਾਬ ਦੇ ਡੀ.ਐਨ.ਏ. ਵਿਚ ਰਹੀ ਹੈ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੇ ਉੱਦਮੀ ਹੁਨਰ ਨੂੰ ਨਿਖਾਰਨ ਲਈ ਸਹਿਯੋਗ ਦੇ ਰਹੀ ਹੈ ਤਾਂ ਕਿ ਪੰਜਾਬ ਨੂੰ ਦੇਸ਼ ਭਰ ਵਿਚ ਸਟਾਰਟਅੱਪ (ਨਵੀਆਂ ਕੰਪਨੀਆਂ) ਸ਼ੁਰੂ ਕਰਨ ਵਿਚ ਮੋਹਰੀ ਬਣਾਇਆ ਜਾਵੇ।
ਉਹ ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਵਿਚ 'ਸਟਾਰਟਅੱਪ ਇੰਡੀਆ ਪੰਜਾਬ ਯਾਤਰਾ' ਦੇ ਗਰੈਂਡ ਫਿਨਾਲੇ ਮੌਕੇ ਸੰਬੋਧਨ ਕਰ ਰਹੇ ਸਨ। ਸਿੰਗਲਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਵਿਚ ਨੌਜਵਾਨ ਉੱਦਮੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ ਪਰ ਹਾਲੇ ਵੀ ਵੱਡੀ ਸਮਰੱਥਾ ਨੂੰ ਭੁੰਨਾਉਣ ਦੀ ਲੋੜ ਹੈ। ਇਸ ਲਈ ਪੰਜਾਬ ਸਰਕਾਰ ਰਾਜ ਵਿਚ ਸਟਾਰਟਅੱਪ ਪੱਖੀ ਮਾਹੌਲ ਨੂੰ ਹੋਰ ਸੁਚਾਰੂ ਬਣਾਉਣ ਲਈ ਨਵੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਸ ਲਈ ਪੰਜਾਬ ਸਟਾਰਟਅੱਪ ਯਾਤਰਾ ਤੋਂ ਇਲਾਵਾ ਪੰਜਾਬ ਸਰਕਾਰ ਪ੍ਰਭਾਵਸ਼ਾਲੀ ਰਿਆਇਤਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਨ੍ਹਾਂ ਵਿਚ ਨਵੇਂ ਉਦਯੋਗਾਂ ਲਈ ਮਨਜ਼ੂਰੀਆਂ, ਕਰਜ਼ ਉਤੇ ਸਬਸਿਡੀ, ਆਧੁਨਿਕ ਬੁਨਿਆਦੀ ਢਾਂਚਾ ਅਤੇ ਸਟਾਰਟਅੱਪ ਸੈੱਲ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿਚਲਾ ਐਸ.ਟੀ.ਪੀ.ਆਈ. ਇਨਕਿਊਬੇਸ਼ਨ ਸੈਂਟਰ ਲਾਮਿਸਾਲ ਕੰਮ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਦਾ ਐਸ.ਟੀ.ਪੀ.ਆਈ. ਯੂਨਿਟ ਅੰਮ੍ਰਿਤਸਰ ਵਿਚ ਸਥਾਪਤ ਕੀਤਾ ਜਾ ਰਿਹਾ ਹੈ, ਜਿਹੜਾ ਅਗਲੇ ਵਿੱਤੀ ਵਰ੍ਹੇ ਵਿਚ ਕਾਰਜਸ਼ੀਲ ਹੋਵੇਗਾ।
ਸੂਬਾ ਸਰਕਾਰ ਦਾ ਮੰਤਵ ਪੰਜ ਸਾਲਾਂ ਵਿਚ ਇਕ ਹਜ਼ਾਰ ਨਵੀਆਂ ਕੰਪਨੀਆਂ ਨੂੰ ਸਹਿਯੋਗ ਦੇਣਾ ਹੈ। ਇਸ ਦੇ ਨਾਲ ਸੂਬੇ ਵਿਚ 10 ਇਨਕਿਊਬੇਟਰ ਸਥਾਪਤ ਕਰਨ ਤੋਂ ਇਲਾਵਾ ਮੁਹਾਲੀ ਨੂੰ ਸਟਾਰਟਅੱਪ ਦੇ ਗੜ੍ਹ ਵਜੋਂ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਾਲਜਾਂ ਵਿਚ 50 ਉੱਦਮਤਾ ਕੇਂਦਰ ਸਥਾਪਤ ਕੀਤੇ ਗਏ ਹਨ। ਸਮਾਗਮ ਦੌਰਾਨ ਸਨਅਤੀ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ
ਸੂਬੇ ਵਿਚ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਅਤੇ ਵੱਡੇ ਪੱਧਰ ਉਤੇ ਉੱਦਮ ਸਥਾਪਤ ਕਰਨ ਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੇ ਮੰਤਵ ਨਾਲ ਸਟਾਰਟਅੱਪ ਤੇ ਇੰਟਰਪ੍ਰੈਨਿਓਰਸ਼ਿਪ ਫੋਰਮ ਸਥਾਪਤ ਕਰਨਾ ਰਾਜ ਦੀ ਨਵੀਂ ਸਨਅਤੀ ਤੇ ਵਪਾਰ ਨੀਤੀ 2017 ਦਾ ਮੁੱਖ ਪਹਿਲੂ ਹਨ। ਉਨ੍ਹਾਂ ਕਿਹਾ ਕਿ ਉੱਦਮੀ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਪੰਜਾਬ ਸਟਾਰਟਅੱਪ ਯਾਤਰਾ ਰਾਹੀਂ ਪੰਜਾਬ ਸਰਕਾਰ ਨੇ ਰਾਜ ਦੇ ਅਰਥਚਾਰੇ ਨੂੰ ਅਗਾਂਹ ਲੈ ਜਾਣ ਦੀ ਨੌਜਵਾਨ ਉੱਦਮੀਆਂ ਦੀ ਮੁਹਾਰਤ ਦਾ ਫਾਇਦਾ ਚੁੱਕਣ ਲਈ ਪਲੇਟਫਾਰਮ ਮੁਹੱਈਆ ਕੀਤਾ ਹੈ।
ਅਰੋੜਾ ਨੇ ਕਿਹਾ ਕਿ ਇਸ ਯਾਤਰਾ ਦਾ ਮੰਤਵ ਰਾਜ ਵਿਚ ਨਵੇਂ ਰਾਹ ਸਿਰਜਣ ਵਾਲਿਆਂ ਦੀ ਪਛਾਣ ਕਰਨਾ ਹੈ, ਜਿਹੜੇ ਪੰਜਾਬ ਨੂੰ ਸਟਾਰਟਅੱਪ ਦੇ ਗੜ੍ਹ ਵਜੋਂ ਵਿਕਸਤ ਕਰਨ ਅਤੇ ਪੰਜਾਬ ਨੂੰ ਤਰੱਕੀ ਦਾ ਧੁਰਾ ਬਣਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਮਨੋਰਥ ਨਵੀਆਂ ਕੰਪਨੀਆਂ ਨੂੰ ਲੋੜੀਂਦੀਆਂ ਸਹੂਲਤਾਂ ਤੇ ਫੰਡਿੰਗ ਮੌਕੇ ਮੁਹੱਈਆ ਕਰਨਾ ਹੈ ਤਾਂ ਕਿ ਉਹ ਕਾਗਜ਼ੀ ਰੂਪ ਤੋਂ ਸ਼ੁਰੂ ਹੋ ਕੇ ਜ਼ਮੀਨੀ ਪੱਧਰ ਤੱਕ ਸਫ਼ਲਤਾ ਦੇ ਝੰਡੇ ਗੱਡ ਸਕਣ।
ਦੋਵਾਂ ਮੰਤਰੀਆਂ ਨੇ ਪੰਜਾਬ ਸਟਾਰਟਅੱਪ ਯਾਤਰਾ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਭਾਈਵਾਲੀ ਉਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਸਮਾਜ ਸੇਵਾ, ਆਈ.ਟੀ./ਡਿਜੀਟਲ ਮਾਰਕੀਟਿੰਗ/ਈ-ਕਾਮਰਸ, ਸਿਹਤ ਤੇ ਨਿਰੋਗਤਾ, ਖੇਤੀਬਾੜੀ ਤੇ ਮੈਨੂਫੈਕਚਰਿੰਗ ਵਰਗੇ ਵੱਖ ਵੱਖ ਖੇਤਰਾਂ ਵਿਚ 523 ਨਵੇਂ ਵਿਚਾਰ ਲੈ ਕੇ ਆਉਣ ਵਾਲੇ 15 ਜੇਤੂਆਂ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਉਦਘਾਟਨੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਨਵੇਂ ਵਿਚਾਰ ਲਿਆਉਣ ਦਾ ਸੱਦਾ ਦਿਤਾ ਅਤੇ ਭਰੋਸਾ ਦਿਤਾ ਕਿ ਸਰਕਾਰ ਉਨ੍ਹਾਂ ਦੀ ਸਹਾਇਤਾ ਕਰੇਗੀ।
ਇਸ ਸਮਾਗਮ ਵਿਚ ਮੁਕਾਮੀ ਵੱਡੇ ਉੱਦਮੀਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਸਮਰ ਸਿੰਗਲਾ ਸੰਸਥਾਪਕ ਅਤੇ ਸੀ.ਈ.ਓ. ਜੁਗਨੂੰ, ਮਿਸ ਪ੍ਰਿਅੰਕਾ ਗਿੱਲ ਸੰਸਥਾਪਕ ਅਤੇ ਸੀ.ਈ.ਓ.ਪੌਪਕਸੋ ਸ਼ਾਮਲ ਸਨ। ਸਮਰ ਨੇ ਸਮਾਗਮ ਵਿਚ ਹਾਜ਼ਰ ਵਿਦਿਆਰਥੀਆਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਰਾਜ ਵਲੋਂ ਪੇਸ਼ ਕੀਤੇ ਗਏ ਮੌਜੂਦ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੀ ਤਰੱਕੀ ਦਾ ਰਾਹ ਪੰਜਾਬੀਆਂ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ ਅਤੇ ਪੰਜਾਬੀਆਂ ਵਲੋਂ ਕੀਤੇ ਗਏ ਯਤਨਾਂ ਨਾਲ ਹੀ ਭਾਰਤ ਵਿਚ ਨਵੇਂ ਉੱਦਮ ਸ਼ੁਰੂ ਕਰਨ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ।
ਅਬੋਹਰ ਨੇੜਲੇ ਛੋਟੇ ਜਿਹੇ ਪਿੰਡ ਧਰਮਪੁਰਾ ਦੀ ਰਹਿਣ ਵਾਲੀ ਅਤੇ ਦੇਸ਼ ਵਿਚ ਮਹਿਲਾਵਾਂ ਲਈ ਸਭ ਤੋਂ ਵੱਡੀ ਡਿਜੀਟਲ ਕਮਿਊਨਿਟੀ ਸਥਾਪਤ ਕਰਨ ਵਾਲੀ ਮੋਹਰੀ ਮਹਿਲਾ ਉੱਦਮੀ ਪ੍ਰਿਅੰਕਾ ਨੇ ਆਪਣੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਵੀ ਉੱਦਮ ਨੂੰ ਸਫ਼ਲ ਬਣਾਉਣ ਲਈ ਮੁੱਖ ਤੌਰ 'ਤੇ ਵਿੱਦਿਆ, ਭਰੋਸਾ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਲ-ਨਾਲ ਹਰੇਕ ਚੁਣੌਤੀ ਦਾ ਹਾਂ-ਪੱਖੀ ਢੰਗ ਨਾਲ ਸਾਹਮਣਾ ਕਰਨਾ ਚਾਹੀਦਾ ਹੈ।
ਇਸ ਮੌਕੇ ਵੱਖ-ਵੱਖ ਉਮਰ ਵਰਗ ਦੇ ਨਿਵੇਕਲੇ ਵਿਚਾਰ ਰੱਖਣ ਵਾਲੇ ਵੱਖ-ਵੱਖ ਖੇਤਰਾਂ ਵਿਚ ਮੋਹਰੀ ਉੱਦਮੀਆਂ, ਜਿਨ੍ਹਾਂ ਨੇ ਸਵੈ-ਸਫ਼ਾਈ ਵਾਲਾ ਪਖ਼ਾਨਾ, ਵਿਆਖਿਆਤਮਕ 3ਡੀ ਪਾਠ ਪੁਸਤਕਾਂ, ਬੋਲਣ ਤੋਂ ਅਸਮਰੱਥ ਲੋਕਾਂ ਲਈ ਸਮਾਰਟ ਯੰਤਰ ਅਤੇ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕਤਾ ਪ੍ਰਦਾਨ ਕਰਨ ਵਾਲੀਆਂ ਬਿੰਦੀਆਂ ਆਦਿ ਯੰਤਰ ਬਣਾਏ, ਵੀ ਸਮਾਗਮ ਵਿਚ ਸ਼ਾਮਲ ਹੋਏ। ਇਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਹੀ 16 ਜਨਵਰੀ, 2019 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਹੀਨਾ ਭਰ ਚਲਣ ਵਾਲੇ ਸਟਾਰਟਅੱਪ ਪੰਜਾਬ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਇਸ ਯਾਤਰਾ ਅਧੀਨ ਇਹ ਮੋਬਾਈਲ ਵੈਨ ਜਾਗਰੂਕਤਾ ਫੈਲਾਉਣ ਅਤੇ ਨਵੇਂ ਵਿਚਾਰ ਗ੍ਰਹਿਣ ਸਬੰਧੀ ਰਾਜ ਦੀਆਂ 19 ਥਾਵਾਂ 'ਤੇ ਗਈ। ਇਸ ਤੋਂ ਇਲਾਵਾ 8 ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਬੂਟ ਕੈਂਪ ਵੀ ਲਗਾਏ ਗਏ, ਜਿਸ ਦੌਰਾਨ ਪ੍ਰਬੰਧਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਇਹ ਵੀ ਵੇਖਣ ਵਿਚ ਆਇਆ ਕਿ ਨੌਜਵਾਨਾਂ ਵਿਚ ਅਪਣਾ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਜੋਸ਼ ਉਬਾਲੇ ਮਾਰ ਰਿਹਾ ਹੈ।
ਇਸ ਯਾਤਰਾ ਦਾ 5000 ਦੇ ਕਰੀਬ ਉੱਭਰਦੇ ਹੋਏ ਉੱਦਮੀਆਂ ਨੇ ਖ਼ੂਬ ਲਾਹਾ ਲਿਆ ਅਤੇ ਅਪਣੇ ਨਵੀਨਤਮ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਯਾਤਰਾ ਦੌਰਾਨ 118 ਸਰਬੋਤਮ ਵਿਚਾਰਾਂ ਅਤੇ ਉਪਾਵਾਂ ਨੂੰ ਚੁਣਿਆ ਗਿਆ, ਜਿਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਉਤਸ਼ਾਹਤ ਕੀਤਾ ਜਾਵੇਗਾ।