ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਨੌਜਵਾਨ, ਮੌਤ

ਏਜੰਸੀ

ਖ਼ਬਰਾਂ, ਪੰਜਾਬ

ਇੱਕ ਸਾਲ ਪਹਿਲਾਂ ਹੋਇਆ ਸੀ ਵਿਆਹ, ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ 

representational Image

ਅਬੋਹਰ: ਸਥਾਨਕ ਗੁਰੂਕ੍ਰਿਪਾ ਕਲੋਨੀ ਦੀ ਗਲੀ ਨੰਬਰ 6 'ਚ ਛੱਤ ਤੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਕੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟਾ ਸੀ ਅਤੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਆਨਲਾਈਨ ਐਪ ਜ਼ਰੀਏ ਮਾਰੀ ਜੋੜੇ ਨਾਲ ਲੱਖਾਂ ਰੁਪਏ ਦੀ ਠੱਗੀ 

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੀ ਗੁਰੂਕ੍ਰਿਪਾ ਕਲੋਨੀ ਦਾ ਰਹਿਣ ਵਾਲਾ ਕਿਸ਼ਨਦੀਪ (22) ਬੱਸ ਕੰਡਕਟਰ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਕਰੀਬ 6 ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਇਸ ਕਾਰਨ ਉਹ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਸੋਮਵਾਰ ਸ਼ਾਮ ਕਰੀਬ 6 ਵਜੇ ਉਸ ਨੇ ਪਹਿਲਾਂ ਕੋਈ ਨਸ਼ੀਲਾ ਪਦਾਰਥ ਖਾ ਲਿਆ ਅਤੇ ਫਿਰ ਛੱਤ 'ਤੇ ਚਲਾ ਗਿਆ।

ਇਹ ਵੀ ਪੜ੍ਹੋ: ਪਟਿਆਲਾ ਪੁਲਿਸ ਨੇ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼

ਛੱਤ ਉਪਰੋਂ ਲੰਘਦੀਆਂ 11 ਹਜ਼ਾਰ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਕਿਸ਼ਨਦੀਪ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਉਸ ਦੇ ਭਰਾ ਕਮਲਜੀਤ ਨੇ ਹੋਰਨਾਂ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।