ਕੇਂਦਰ 'ਤੇ ਸਿੱਖ ਸਿਆਸਤ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਉਣੇ ਬਾਦਲਾਂ ਦੀ ਘਬਰਾਹਟ ਦਾ ਨਤੀਜਾ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ ਨਹੁੰ-ਮਾਸ ਦੇ ਰਿਸ਼ਤੇ 'ਚ ਬਣਿਆ ਅਨਿਸਚਤਾ ਦਾ ਮਾਹੌਲ

file photo

ਸੁਨਾਮ, ਊਧਮ ਸਿੰਘ ਵਾਲਾ : ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰ 'ਤੇ ਸਿੱਖ ਸਿਆਸਤ ਨੂੰ ਕਮਜ਼ੋਰ ਕਰਨ ਦੇ ਅਸਿੱਧੇ ਢੰਗ ਨਾਲ ਦੋਸ਼ ਲਾਉਣੇ ਘਬਰਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਾਰਨ ਨਹੁੰ-ਮਾਸ ਦੇ ਰਿਸ਼ਤੇ ਵਿਚ ਅਨਿਸਚਤਾ ਦਾ ਮਾਹੌਲ ਬਣਿਆ ਹੋਇਆ ਹੈ। ਸ. ਢੀਂਡਸਾ ਇੱਥੇ ਉੱਘੇ ਲੇਖਕ ਅਤੇ ਸੇਵਾਮੁਕਤ ਐਸ.ਐਸ. ਪੀ. ਹਰਦੇਵ ਸਿੰਘ ਧਾਲੀਵਾਲ ਦੀ ਧਰਮਪਤਨੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਧਾਲੀਵਾਲ ਪਰਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ।

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਵਲੋਂ ਭਾਜਪਾ ਦੀ ਕੇਂਦਰੀ ਹਾਈਕਮਾਨ ਨਾਲ ਤਾਲਮੇਲ ਦੀ ਘਾਟ ਕਾਰਨ ਅਕਾਲੀ-ਭਾਜਪਾ ਗੱਠਜੋੜ ਵਿਚ ਫ਼ਰਕ ਪੈਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਤਾਨਾਸ਼ਾਹੀ ਰਾਜਨੀਤਕ ਸੋਚ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜੇਲ੍ਹਾਂ ਕੱਟਣ ਵਾਲੇ ਅਕਾਲੀਆਂ ਨੂੰ ਨਿਰਾਸ਼ ਕੀਤਾ ਹੈ ਜਿਸ ਕਾਰਨ ਆਉਂਦੇ ਦਿਨਾਂ ਵਿਚ ਪੰਜਾਬ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਵਿੱਢੀ ਮੁਹਿੰਮ ਵਿਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ 12 ਮਾਰਚ ਨੂੰ ਲੁਧਿਆਣਾ ਵਿਖੇ ਸਾਥੀਆਂ ਸਮੇਤ ਸਿਧਾਂਤਕ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਵਾਰ ਦੀ ਅਜ਼ਾਰੇਦਾਰੀ ਤੋਂ ਮੁਕਤ ਕਰਵਾਉਣ ਲਈ ਰਵੀਇੰਦਰ ਸਿੰਘ ਵਾਲੇ ਅਕਾਲੀ ਦਲ, ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਅਤੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਸਮੇਤ ਹੋਰ ਪੰਥਕ ਸੋਚ ਰੱਖਣ ਵਾਲੀਆਂ ਧਿਰਾਂ ਨਾਲ ਤਾਲਮੇਲ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜੀਆਂ ਜਾਣਗੀਆਂ।

ਇਸ ਮੌਕੇ ਹਰਦੇਵ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਸਤਗੁਰ ਸਿੰਘ ਨਮੋਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਮਨਿੰਦਰ ਸਿੰਘ ਲਖਮੀਰਵਾਲਾ, ਸੁਨੀਤਾ ਸ਼ਰਮਾ, ਗੋਪਾਲ ਸ਼ਰਮਾ, ਇਸ਼ਵਰਮੀਤ ਸਿੰਘ ਮਿੱਠੂ ਛਾਹੜ, ਬਘੀਰਥ ਗੋਇਲ, ਸਵਰਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੁਗਰਾ, ਮਾਸਟਰ ਦਲਜੀਤ ਸਿੰਘ, ਡਾਕਟਰ ਨਰੇਸ਼ ਜਿੰਦਲ, ਜਸਵਿੰਦਰ ਸਿੰਘ ਖਾਲਸਾ, ਸਮੇਤ ਹੋਰ ਆਗੂ ਹਾਜ਼ਰ ਸਨ।