ਸੁਖਦੇਵ ਸਿੰਘ ਢੀਂਡਸਾ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਲਾਈਫ਼ ਪ੍ਰੈਜ਼ੀਡੈਂਟ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ ਓ ਏ ਦੀ ਕਾਰਜਕਾਰਨੀ ਮੀਟਿੰਗ ਤੇ ਸਾਲਾਨਾ ਜਨਰਲ ਹਾਊਸ ਵਿੱਚ ਢੀਂਡਸਾ ਦੀਆ 41 ਸਾਲ ਪ੍ਰਧਾਨ ਵਜੋਂ ਸੇਵਾਵਾਂ ਦੀ ਕੀਤੀ ਸਲਾਹੁਤਾ

Sukhdev Singh Dhindsa

ਮੋਹਾਲੀ- ਪੰਜਾਬ ਓਲੰਪਿਕ ਐਸੋਸੀਏਸ਼ਨ (ਪੀ ਓ ਏ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਸਵੈ ਇੱਛਾ ਨਾਲ ਆਪਣੇ ਅਹੁਦਾ ਛੱਡਣ ਤੋਂ ਬਾਅਦ ਮੀਤ ਪ੍ਰਧਾਨ ਸ੍ਰੀ ਬ੍ਰਹਮ ਮਹਿੰਦਰਾ ਨੂੰ ਐਸੋਸੀਏਸ਼ਨ ਦੀ ਚੋਣ ਤੱਕ ਵਰਕਿੰਗ ਪ੍ਰਧਾਨ ਨਾਮਜ਼ਦ ਕਰ ਦਿੱਤਾ। ਅੱਜ ਇੱਥੇ ਪੰਜਾਬ ਓਲੰਪਿਕ ਭਵਨ ਵਿਖੇ ਪੀ ਓ ਏ ਦੀ ਕਾਰਜਕਰਨੀ ਮੀਟਿੰਗ ਤੇ ਸਾਲਾਨਾ ਜਨਰਲ ਹਾਊਸ ਵਿਚ ਸ. ਢੀਂਡਸਾ ਵੱਲੋਂ 41 ਸਾਲ ਪ੍ਰਧਾਨ ਵਜੋਂ ਨਿਭਾਈਆਂ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਗਈ ਅਤੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ. ਢੀਂਡਸਾ ਦੀ ਸੁਚੱਜੀ ਅਗਵਾਈ ਤੇ ਰਹਿਨੁਮਾਈ ਲਈ ਉਨਾਂ ਨੂੰ ਪੀ ਓ ਏ ਦਾ ਲਾਈਫ਼ ਪ੍ਰੈਜ਼ੀਡੈਂਟ ਬਣਾਇਆ ਜਾਵੇ।

ਪੀ ਓ ਏ ਵੱਲੋਂ ਸ ਢੀਂਡਸਾ ਨੂੰ ਪਦਮ ਭੂਸ਼ਣ ਸਨਮਾਨ ਮਿਲਣ ਉਤੇ ਵਧਾਈ ਦਿੱਤੀ ਗਈ ਅਤੇ ਇਸ ਸਨਮਾਨ ਨੂੰ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਆਖਿਆ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਸ. ਢੀਂਡਸਾ ਵੱਲੋਂ ਨਿਭਾਈਆਂ ਗਈਆਂ ਲਾਮਿਸਾਲ ਸੇਵਾਵਾਂ ਦੇ ਮਾਣ ਵਜੋਂ ਉਨ੍ਹਾਂ ਨੂੰ ਵੱਡੇ ਸਮਾਗਮ ਵਿਚ ਸਮੁੱਚੀਆਂ ਖੇਡ ਐਸੋਸੀਏਸ਼ਨਾਂ ਅਤੇ ਖਿਡਾਰੀਆਂ ਵੱਲੋਂ ਸਨਮਾਨਤ ਕੀਤਾ ਜਾਵੇਗਾ।

ਪੀ ਓ ਏ ਦੀ ਕਾਰਜਕਰਨੀ ਮੀਟਿੰਗ ਵਿਚ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਪੰਜਾਬ ਦੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਪੀ ਓ ਏ ਦੀ ਚੋਣ ਤੱਕ ਐਸੋਸੀਏਸ਼ਨ ਦਾ ਵਰਕਿੰਗ ਪ੍ਰੈਜ਼ੀਡੈਂਟ ਨਾਮਜ਼ਦ ਕਰਨ ਦਾ ਪ੍ਰਸਤਾਵ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਨੂੰ ਬਾਅਦ ਵਿਚ ਸਲਾਨਾ ਜਨਰਲ ਹਾਊਸ ਨੇ ਵੀ ਪਾਸ ਕੀਤਾ। ਇਸ ਮੀਟਿੰਗ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਜਿਹੜੀ ਪੰਜਾਬ ਸਰਕਾਰ ਨਾਲ ਸਬੰਧਤ ਮਾਮਲਿਆਂ ਬਾਰੇ ਰਾਬਤਾ ਕਾਇਮ ਕਰੇਗੀ।

ਮੀਟਿੰਗ ਦੌਰਾਨ ਹਾਜ਼ਰ ਸ੍ਰੀ ਬ੍ਰਹਮ ਮਹਿੰਦਰਾ ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਪੀ ਓ ਏ ਨੂੰ ਆਪਣੇ ਅਖਤਿਆਰਾਂ ਕੋਟੇ ਵਿੱਚੋਂ 10-10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਜਿਸ ਲਈ ਸਾਰੇ ਮੈਂਬਰਾਂ ਨੇ ਧੰਨਵਾਦ ਕੀਤਾ। ਇਸ ਤੋਂ ਪਹਿਲਾ ਮੀਟਿੰਗ ਵਿਚ ਪੀ ਓ ਏ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸ ਢੀਂਡਸਾ ਦੀ ਅਗਵਾਈ ਹੇਠ ਪੀ ਓ ਏ ਵੱਲੋਂ ਮੁਹਾਲੀ ਵਿਖੇ ਸ਼ਾਨਦਾਰ ਪੰਜਾਬ ਓਲੰਪਿਕ ਭਵਨ ਬਣਾਇਆ ਗਿਆ।

ਮੀਟਿੰਗ ਦੌਰਾਨ ਪੀ ਓ ਏ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜਦੀਪ ਸਿੰਘ ਗਿੱਲ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਗਈ। ਜਿਨ੍ਹਾਂ ਨੇ ਭਵਨ ਵਿਖੇ ਹਾਲ ਆਫ ਫੇਮ ਬਣਾਇਆ। ਇਸ ਹਾਲ ਆਫ ਫੇਮ ਵਿਚ ਪੰਜਾਬ ਨਾਲ ਸਬੰਧਤ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੀਆਂ ਤਸਵੀਰਾਂ ਤੇ ਪ੍ਰਾਪਤੀਆਂ ਦਰਜ ਹਨ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਭਵਨ ਵਿਚ ਕਨਵੈਨਸ਼ਨ ਹਾਲ ਦਾ ਨਾਮ 'ਸੁਖਦੇਵ ਸਿੰਘ ਢੀਂਡਸਾ ਕਨਵੈਨਸ਼ਨ ਹਾਲ' ਰੱਖਿਆ ਜਾਵੇ।

ਮੀਟਿੰਗ ਉਪਰੰਤ ਸਮੂਹ ਅਹੁਦੇਦਾਰਾਂ ਨੇ ਜ਼ਮੀਨੀ ਮੰਜ਼ਿਲ ਉਪਰ ਬਣੇ 'ਹਾਲ ਆਫ ਫੇਮ' ਨੂੰ ਵੀ ਦੇਖਿਆ। ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਵਿਚ ਐਸੋਸੀਏਸ਼ਨ ਦੇ ਖਜਾਨਚੀ ਰਹੇ ਸ੍ਰੀ ਪੀ.ਐਸ.ਵਿਰਕ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਨੂੰ ਯਾਦ ਕਰਦਿਆਂ ਸਮੂਹ ਅਹੁਦੇਦਾਰਾਂ ਨੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਪੀ ਓ ਏ ਦੇ ਅਹੁਦੇਦਾਰਾਂ ਵਿੱਚ ਸ ਸਿਕੰਦਰ ਸਿੰਘ ਮਲੂਕਾ, ਸ ਪਰਮਿੰਦਰ ਸਿੰਘ ਢੀਂਡਸਾ, ਪਦਮ ਸ੍ਰੀ ਕਰਤਾਰ ਸਿੰਘ, ਸ੍ਰੀ ਐਨ ਐਸ ਕਲਸੀ, ਸ੍ਰੀ ਕੇ ਐਸ ਕੰਗ, ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ, ਸ੍ਰੀ ਤੇਜਾ ਸਿੰਘ ਧਾਲੀਵਾਲ। 

ਸ੍ਰੀ ਰਾਜਿੰਦਰ ਕਲਸੀ,ਸ੍ਰੀ ਪ੍ਰਭਜੀਤ ਸਿੰਘ, ਸ੍ਰੀ ਕਰਮਬੀਰ ਸਿੱਧੂ, ਸ੍ਰੀ ਗੁਰਬੀਰ ਸੰਧੂ, ਸ੍ਰੀ ਹਰਚਰਨ ਸਿੰਘ ਭੁੱਲਰ, ਸ੍ਰੀ ਪੀ ਆਰ ਸੌਧੀ, ਅਰਜੁਨਾ ਐਵਾਰਡੀ ਸ੍ਰੀ ਤਾਰਾ ਸਿੰਘ, ਅਰਜੁਨਾ ਐਵਾਰਡੀ ਸ੍ਰੀ ਜੈਪਾਲ ਸਿੰਘ, ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਅਤੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਸ੍ਰੀ ਨਵਦੀਪ ਸਿੰਘ ਗਿੱਲ ਵੀ ਹਾਜ਼ਰ ਸਨ।