ਤੇਜ਼ ਹਨੇਰੀ ਦੌਰਾਨ ਸ਼ਾਹੀਨ ਬਾਗ਼ 'ਚ ਧੀਆਂ ਨੇ ਸੰਭਾਲਿਆ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਹੀਨ ਬਾਗ਼ ਪ੍ਰਦਰਸ਼ਨ ਦੇ ਅੱਜ 23ਵੇਂ ਦਿਨ ਮੌਸਮ ਦੇ ਖ਼ਰਾਬ ਹੋਣ ਤੇ ਤੇਜ ਹਨੇਰੀ ਕਾਰਨ ਦੇਸ਼ ਦੀਆਂ ਧੀਆਂ ਨੇ ਮੋਰਚਾ ਸੰਭਾਲ ਕੇ ਅਪਣਾ ਪ੍ਰਦਰਸ਼ਨ ਜਾਰੀ ਰਖਿਆ

File Photo

ਲੁਧਿਆਣਾ (ਆਰ.ਪੀ. ਸਿੰਘ, ਰਾਣਾ ਮੱਲ ਤੇਜੀ) : ਸ਼ਾਹੀਨ ਬਾਗ਼ ਪ੍ਰਦਰਸ਼ਨ ਦੇ ਅੱਜ 23ਵੇਂ ਦਿਨ ਮੌਸਮ ਦੇ ਖ਼ਰਾਬ ਹੋਣ ਤੇ ਤੇਜ ਹਨੇਰੀ ਕਾਰਨ ਦੇਸ਼ ਦੀਆਂ ਧੀਆਂ ਨੇ ਮੋਰਚਾ ਸੰਭਾਲ ਕੇ ਅਪਣਾ ਪ੍ਰਦਰਸ਼ਨ ਜਾਰੀ ਰਖਿਆ। ਸ਼ਹਿਰ ਦੀਆਂ ਵੱਖ-ਵੱਖ ਰਾਜਨੀਤੀ ਅਤੇ ਸਮਾਜਕ ਸੰਸਥਾਵਾਂ ਦੇ ਆਗੂਆਂ ਨੇ ਵੀ ਸ਼ਾਹੀਨ ਬਾਗ਼ ਵਿਚ ਪੁੱਜ ਕੇ ਕੇਂਦਰ ਸਰਾਕਰ ਖ਼ਿਲਾਫ਼ ਵਿਰੋਧ ਦਰਜ ਕਰਵਾਇਆ।

ਲੁਧਿਆਣਾ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਅੱਬਾਸ ਰਾਜਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਜ਼ਰੂਰੀ ਹੈ। ਅੱਬਾਸ ਰਾਜਾ ਨੇ ਕਿਹਾ ਕਿ ਲੁਧਿਆਣਾ ਦਾ ਸ਼ਾਹੀਨ ਬਾਗ਼ ਪੰਜਾਬ ਭਰ ਦੇ ਲੋਕਾਂ ਲਈ ਆਪਸੀ ਭਾਈਚਾਰੇ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਕਦਮ 'ਤੇ ਬੁਰੀ ਤਰ੍ਹਾਂ ਨਾਲ ਫੇਲÎ ਹੁੰਦੀ ਜਾ ਰਹੀ ਹੈ, ਵਿਕਾਸ ਅਤੇ ਰੁਜ਼ਗਾਰ ਦਾ ਮੁੱਦਾ ਗ਼ਾਇਬ ਕਰ ਦਿਤਾ ਗਿਆ ਹੈ।
ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਸ਼ਾਹੀਨ ਬਾਗ਼ 'ਚ ਰੋਜ਼ਾਨਾ ਸੁਣਦੇ ਹਾਂ, ਜਿਸ ਨਾਲ ਸਾਡੇ ਅੰਦਰ ਕੌਮੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਜਜਬਾ ਮਜਬੂਤ ਹੁੰਦਾ ਹੈ।

ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ
ਦਾਣਾ ਮੰਡੀ ਵਿਚ ਚੱਲ ਰਹੇ ਸ਼ਾਹੀਨ ਬਾਗ਼ ਦੇ ਅੱਜ 23ਵੇਂ ਦਿਨ ਉਸ ਸਮੇਂ ਸਾਰੇ ਪ੍ਰਦਰਸ਼ਨਕਾਰੀਆਂ ਨੇ ਕੌਮੀ ਏਕਤਾ ਜ਼ਿੰਦਾਬਾਦ, ਭਾਰਤਵੰਸ਼ ਜ਼ਿੰਦਾਬਾਦ ਦੇ ਨਾਹਰੇ ਲਗਾਏ, ਜਦੋਂ ਜਾਮਿਆ ਹਬੀਬਿਆ ਫ਼ੀਲਡ ਗੰਜ ਚੌਕ ਤੋਂ ਆਏ ਇਸਲਾਮੀ ਮਦਰਸੇ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਸੁਣਾਏ। ਵਿਦਿਆਰਥੀ ਸਦਰੇ ਆਲਮ ਨੇ ਕਿਹਾ ਕਿ ਝੁਕਨੇ ਨਹੀਂ ਦੇਂਗੇ ਭਾਰਤ ਕਾ ਪ੍ਰਚਮ, ਮਦਰਸਾ ਮਾਇਆਪੁਰੀ ਦੀ ਧੀ ਆਇਸ਼ਾ ਨੇ 'ਹਮ ਹੈ ਹਿੰਦੂਸਤਾਨੀ, ਹਮ ਹੈ ਹਿੰਦੂਸਤਾਨੀ ਗਾਇਆ।

ਸੀ.ਐਮ.ਸੀ ਦੀ ਵਿਦਿਆਰਥਣ ਪੈਗੰਬਰੀ ਖਾਤੂਨ ਨੇ ਕਿਹਾ ਕਿ 'ਖ਼ੂਨ ਸੇ ਹਮ ਨੇ ਸੀਂਚਾ ਸਦਾ ਕੌਣ ਕਹਿਤਾ ਹੈ ਭਾਰਤ ਹਮਾਰਾ ਨਹੀਂ, ਕਤਲ ਕਰਦੋ ਮੇਰਾ ਯਹ ਹਮੇਂ ਮੰਜੂਰ ਨਹੀਂ, ਛੋੜਨਾ ਮੁਲਕ ਹਮ ਕੋ ਹਰਗਿਜ਼ ਗਵਾਰਾ ਨਹੀਂ'।