ਬੇਮੌਸਮੇ ਮੀਂਹ ਨੇ ਉਡਾਈ ਕਿਸਾਨਾਂ ਦੀ ਨੀਂਦ : ਮੀਂਹ ਤੇ ਤੇਜ਼ ਹਵਾਵਾਂ ਕਾਰਨ ਵਿਛੀਆਂ ਕਣਕਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਲੂਆਂ ਤੇ ਸਰੋਂ ਦੀ ਫ਼ਸਲ ਨੂੰ ਵੀ ਪਹੁੰਚਿਆ ਨੁਕਸਾਨ

file photo

ਚੰਡੀਗੜ੍ਹ : ਪੰਜਾਬ 'ਚ ਇਕ ਵਾਰ ਫਿਰ ਤੋਂ ਮੌਸਮ ਨੇ ਅਪਣਾ ਮਿਜਾਜ਼ ਬਦਲ ਲਿਆ ਹੈ। ਸੂਬੇ 'ਚ ਵੀਰਵਾਰ ਸ਼ਾਮ ਤੋਂ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਤੇ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਪਿਛਲੇ ਦਿਨੀਂ 5, 6 ਅਤੇ 7 ਮਾਰਚ ਨੂੰ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਜਾਰੀ ਕਰ ਦਿਤੀ ਸੀ।

ਮੀਂਹ ਪੈਣ ਨਾਲ ਜਿੱਥੇ ਤਾਪਮਾਨ 'ਚ ਇਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਫ਼ਸਲਾਂ ਨੂੰ ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸੂਬੇ 'ਚ ਗੜਬੜ ਵਾਲੀਆਂ ਪਛਮੀ ਪੌਣਾਂ ਚੱਲਣ ਕਾਰਨ ਵੀਰਵਾਰ ਨੂੰ ਕਈ ਥਾਈਂ ਬਾਰਸ਼ ਹੋਈ। ਬਾਰਸ਼ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।

ਇਸੇ ਤਰ੍ਹਾਂ ਸ਼ੁਕਰਵਾਰ ਨੂੰ ਕਰੀਬ ਸਵੇਰੇ 9 ਵਜੇ ਫਿਰ ਮੀਂਹ ਸ਼ੁਰੂ ਹੋ ਗਿਆ ਜਿਹੜਾ ਕਰੀਬ 12:30 ਵਜੇ ਤਕ ਜਾਰੀ ਰਿਹਾ। ਮੀਂਹ ਕਾਰਨ ਆਮ ਜ਼ਿੰਦਗੀ ਅਸਤ ਵਿਅਸਤ ਹੋ ਗਈ। ਇਸ ਮੀਂਹ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਖੇਤਾਂ 'ਚ ਵਿਛ ਗਈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦਾ ਝਾੜ ਘਟਣ ਦਾ ਖਦਸ਼ਾ ਸਤਾ ਰਿਹਾ ਹੈ।

ਆਸਮਾਨ ਉਪਰ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਜਲੰਧਰ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਫ਼ਿਰੋਜ਼ਪੁਰ, ਅਬੋਹਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਨਵਾਂਸ਼ਹਿਰ, ਰੋਪੜ, ਖੰਨਾ, ਜਗਰਾਉਂ ਅਤੇ ਚੰਡੀਗੜ੍ਹ ਵਿਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ।

ਪਟਿਆਲਾ 'ਚ 3.6 ਐਮ.ਐਮ. ਮੀਂਹ ਅਤੇ ਘੱਟੋ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ 'ਚ 2.4 ਐਮਐਮ ਮੀਂਹ ਪੈਣ ਦੀਆਂ ਖ਼ਬਰਾਂ ਹਨ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ ਕੁੱਝ ਥਾਵਾਂ 'ਤੇ ਅਗਲੇ 24 ਘੰਟਿਆਂ 'ਚ  ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਦੀਆਂ ਦੂਰ ਦੁਰਾਡੀਆਂ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਨ੍ਹੇਰੀ ਅਤੇ ਤੇਜ਼ ਹਵਾ ਚੱਲਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਸੂਬੇ ਦੀਆਂ ਕਈ ਥਾਵਾਂ 'ਤੇ ਜੰਮ ਕੇ ਗੜ੍ਹੇਮਾਰੀ ਹੋਣ ਦੀਆਂ ਖ਼ਬਰਾਂ ਵੀ ਹਨ। ਕਸਬਾ ਝਬਾਲ ਭਿੱਖੀਵਿੰਡ ਹਰੀਕੇ ਮੰਡ ਅਤੇ ਹੋਰ ਇਲਾਕਿਆਂ 'ਚ ਅਚਾਨਕ ਗੜੇਮਾਰੀ ਹੋਣੀ ਸ਼ੁਰੂ ਹੋ ਗਈ। ਇਸ ਗੜੇਮਾਰੀ ਕਾਰਨ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਗੜੇਮਾਰੀ ਨਾਲ ਸੜਕਾਂ 'ਤੇ ਸਫੇਦ ਚਾਦਰ ਬਣ ਗਈ।