ਕਿਸਾਨ ਆਗੂ ਬਲਬੀਰ ਰਾਜੇਵਾਲ ਤੇ ਰਵਨੀਤ ਬਿੱਟੂ ਵਿਚਾਲੇ ਤਲਖੀ ਵਧੀ, ਬਿੱਟੂ ਨੇ ਪੋਸਟ ਜ਼ਰੀਏ ਪੁਛਿਆ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਆਗੂ ਦਾ ਬਿੱਟੂ ਨੂੰ ਪਹਿਲੀ ਪੋਸਟ ਦਾ ਦਿੱਤਾ ਜਵਾਬ, ਕਿਹਾ, ਬਿੱਟੂ ਦੀ ਅਕਲ ਦਾ ਨਿਕਲ ਚੁਕਿਐ ਦੀਵਾਲਾ

Ravneet Bittu

ਚੰਡੀਗੜ੍ਹ : ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਸੰਸਦ ਮੈਂਬਰ ਵੱਲੋਂ ਬੀਤੇ ਦਿਨੇ ਸੋਸ਼ਲ ਮੀਡੀਆ ਜ਼ਰੀਏ ਕਿਸਾਨ ਆਗੂ ਤੋਂ ਪੁਛੇ ਗਏ ਸਵਾਲ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਬਿੱਟੂ ਨੇ ਆਪਣੇ ਫੇਸਬੁੱਕ ਖਾਤੇ ’ਤੇ ਬਲਬੀਰ ਸਿੰਘ ਰਾਜੇਵਾਲ ਨਾਲ ਸਬੰਧਤ ਇਕ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿਚ ਉਨ੍ਹਾਂ ਲਿਖਿਆ ਹੈ ਕਿ ਅੱਜਕੱਲ੍ਹ ਸੱਚ ਕੈਮਰਿਆਂ ਵਿਚ ਕੈਦ ਰਹਿ ਜਾਂਦਾ ਹੈ ਅਤੇ ਲੋਕਾਂ ਨੂੰ ਸੱਚ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਹਮੇਸ਼ਾ ਦਿੱਲੀ ਵਾਲਿਆਂ ਦਾ ਸਮਰਥਨ ਕਰਦੇ ਰਹੇ ਹਨ। 2017 ਵਿਚ ਵੀ ਇਨ੍ਹਾਂ ਇਕ ਬਾਹਰਲੀ ਪਾਰਟੀ (ਆਮ ਆਦਮੀ ਪਾਰਟੀ) ਦਾ ਸਮਰਥਨ ਕੀਤਾ ਸੀ, ਜਿਸ ਨੇ ਦਿੱਲੀ ਵਿਚ ਤਿੰਨ ਕਿਸਾਨ ਵਿਰੋਧੀ ਬਿੱਲਾਂ ਵਿਚੋਂ ਇਕ ਪਾਸ ਵੀ ਕਰ ਦਿੱਤਾ ਹੈ। ਜੇ ਇਹ ਪੰਜਾਬ ਬਾਰੇ ਚਿੰਤਤ ਹੁੰਦੇ ਤਾਂ ਕੇਂਦਰ ਸਰਕਾਰ ਨਾਲ ਹੋਈਆਂ 10-11 ਮੀਟਿੰਗਾਂ ਵਿਚ ਕਿਸਾਨਾਂ ਦੇ ਮੁੱਦੇ ਦਾ ਹੱਲ ਕੱਢ ਦਿੰਦੇ। ਇਹ ਉਥੇ ਸਿਰਫ਼ ਖੇਡ ਤਮਾਸ਼ਾ ਕਰਦੇ ਰਹੇ ਹਨ ਤਾਂ ਕਿ ਅੰਦੋਲਨ ਲੰਬਾ ਖਿੱਚਦਾ ਰਹੇ ਅਤੇ ਕਮਜ਼ੋਰ ਹੁੰਦਾ ਰਹੇ। ਦਿੱਲੀ ਵਾਲਿਆਂ ਨਾਲ ਯਾਰੀਆਂ ਦੇ ਸ਼ੌਂਕ ਛੱਡੋ ਅਤੇ ਪੰਜਾਬ ਦੀ ਸੁੱਖ ਮੰਗੋ।

ਰਵਨੀਤ ਬਿੱਟੂ ਵਲੋਂ ਇਸ ਪੋਸਟ ਵਿਚ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਤਸਵੀਰਾਂ ਵਿਚ ਰਾਜੇਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਕ ਸਟੇਜ ਸਾਂਝੀ ਕਰਦੇ ਵਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਤਸਵੀਰ ਵਿਚ ਕਿਸਾਨ ਆਗੂ ਅਰਵਿੰਦ ਕੇਜਰੀਵਾਲ ਨਾਲ ਸਟੇਜ 'ਤੇ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ।

ਬਲਬੀਰ ਸਿੰਘ ਰਾਜੇਵਾਲ ਖਿਲਾਫ ਬਿੱਟੂ ਦੀ ਇਹ ਦੂਜੀ ਪੋਸਟ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਦਿਨੀਂ ਵੀ ਪੋਸਟ ਸਾਂਝੀ ਕਰਦਿਆਂ ਰਾਜੇਵਾਲ ਦੀਆਂ ਸਾਬਕਾ ਕਾਂਗਰਸੀ ਐਪ.ਪੀ. ਮੋਹਿੰਦਰ ਸਿੰਘ ਕੇ.ਪੀ. ਨਾਲ ਤਸਵੀਰਾਂ ਸਾਝੀਆਂ ਕੀਤੀਆਂ ਸਨ। ਇਸ ਪੋਸਟ 'ਤੇ ਵੀ ਬਿੱਟੂ ਨੇ ਲਿਖਿਆ ਸੀ ਕਿ ਇਕ ਪਾਸੇ ਤਾਂ ਕਿਸਾਨ ਨੇਤਾ ਲੋਕਾਂ ਨੂੰ ਸਿਆਸੀ ਆਗੂਆਂ ਤੋਂ ਦੂਰ ਰਹਿਣ ਲਈ ਆਖਦੇ ਹਨ ਜਦਕਿ ਦੂਜੇ ਪਾਸੇ ਰਾਜੇਵਾਲ ਕਾਂਗਰਸੀ ਆਗੂ ਕੇ. ਪੀ. ਸਿੰਘ ਨਾਲ ਪਕੌੜੇ ਖਾ ਰਹੇ ਹਨ। ਉਨ੍ਹਾਂ ਲਿਖਿਆ ਕਿ ਕਿਸਾਨ ਆਗੂਆਂ ਅਤੇ ਸਿਆਸੀ ਲੀਡਰਾਂ ਵਿਚਾਲੇ ਹਮੇਸ਼ਾ ਡੂੰਘੇ ਸੰਬੰਧ ਰਹੇ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ ਪਰ ਰਾਜੇਵਾਲ ਸਾਬ੍ਹ ਸਿੰਘੂ ਬਾਰਡਰ ਪਹੁੰਚਦੇ ਹੀ ਲੋਕਾਂ ਨੂੰ ਭੰਬਲ-ਭੂਸੇ ਵਿਚ ਪਾਉਣ ਲੱਗ ਜਾਂਦੇ ਹਨ।

ਇਸ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰਵਨੀਤ ਬਿੱਟੂ ਦੀ ਸੋਚ 'ਤੇ ਸਵਾਲ ਖੜੇ ਕਰਦਿਆਂ ਕਿਹਾ ਸੀ ਕਿ ਅਸਲ ਵਿਚ ਉਹ ਕਿਸਾਨ ਯੂਨੀਅਨ ਦੇ ਅਹੁਦੇਦਾਰ ਦੀ ਮਾਤਾ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸੀ, ਜਿੱਥੇ ਮੋਹਿੰਦਰ ਸਿੰਘ ਕੇ.ਪੀ. ਵੀ ਪਹੁੰਚੇ ਹੋਏ ਸਨ। ਇਸ ਸੋਗ ਸਮਾਗਮ ਦੌਰਾਨ ਹੀ ਉਨ੍ਹਾਂ ਨੇ ਪਰਿਵਾਰ ਦੀ ਬੇਨਤੀ 'ਤੇ ਇਕੱਠਿਆਂ ਨੇ ਚਾਹ ਪੀਤੀ ਸੀ, ਜਿਸ ਨੂੰ ਮੁੱਦਾ ਬਣਾ ਕੇ ਰਵਨੀਤ ਬਿੱਟੂ ਪੋਸਟਾਂ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਕ ਸੋਗ ਸਮਾਗਮ ਦੀਆਂ ਤਸਵੀਰਾਂ ਨੂੰ ਮੁੱਦਾ ਬਣਾਉਣ ਤੋਂ ਸੰਸਦ ਮੈਂਬਰ ਦੀ ਮਾਨਸਿਕ ਸਥਿਤੀ ਦਾ ਗਿਆਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਰਵਨੀਤ ਬਿੱਟੂ 'ਤੇ ਕਿਸਾਨੀ ਅੰਦੋਲਨ ਦਾ ਖਾਸ ਅਸਰ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਉਹ ਇਹੋ ਜਿਹੀਆਂ ਘਟੀਆਂ ਗੱਲਾਂ 'ਤੇ ਉਤਰ ਆਏ ਹਨ। ਰਾਜੇਵਾਲ ਨੇ ਬਿੱਟੂ ਵੱਲੋਂ ਭਾਜਪਾ ਆਗੂ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਿੱਟੂ ਕੀ ਕਹਿੰਦਾ ਹੈ, ਇਸ ਨਾਲ ਉਨ੍ਹਾਂ ਨੂੰ  ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਨ੍ਹਾਂ ਦੀ ਅਕਲ ਦਾ ਦੀਵਾਲਾ ਨਿਕਲ ਚੁਕਿਆ ਹੈ ਜੋ ਅਕਸਰ ਹੀ ਇਹੋ ਜਿਹੀਆਂ ਬਿਨਾਂ ਸਿਰ-ਪੈਰ ਵਾਲੀਆਂ ਗੱਲਾਂ ਕਰਦਾ ਰਹਿੰਦਾ ਹੈ।