ਗੈਂਗਸਟਰਾਂ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਹੋਇਐ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਅਤੇ ਉਹ ਖੁਦ ਬਤੌਰ ਮੁੱਖ ਮੰਤਰੀ, ਉੱਤਰ ਪੂਰਬੀ ਸੂਬਿਆਂ ਵਿਸ਼ੇਸ਼ ...
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਅਤੇ ਉਹ ਖੁਦ ਬਤੌਰ ਮੁੱਖ ਮੰਤਰੀ, ਉੱਤਰ ਪੂਰਬੀ ਸੂਬਿਆਂ ਵਿਸ਼ੇਸ਼ ਕਰ ਕੇ ਸ਼ਿਲਾਂਗ ਵਿਚ ਵਸੇ ਪੰਜਾਬੀਆਂ ਤੇ ਸਿੱਖ ਗੁਰਦੁਆਰਿਆਂ ਬਾਰੇ ਬਹੁਤ ਚਿੰਤਤ ਹਨ ਅਤੇ ਉਥੋਂ ਦੇ ਮੁੱਖ ਮੰਤਰੀ, ਪੁਲਿਸ ਮੁਖੀ, ਕੇਂਦਰ ਸਰਕਾਰ ਦੇ ਮੰਤਰੀਆਂ ਤੇ ਹੋਰ ਨੇਤਾ ਨਾਲ ਸੰਪਰਕ ਕਾਇਮ ਰੱਖ ਰਹੇ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਉਥੇ ਭੇਜੀ ਟੀਮ ਨਾਲ ਰੋਜ਼ਾਨਾ ਰਾਬਤਾ ਬਣਾਈ ਰਖਿਆ ਹੈ ਅਤੇ ਫ਼ੋਨ 'ਤੇ ਗੱਲ ਕਰਦੇ ਰਹਿੰਦੇ ਹਨ। ਅੱਜ ਇਥੇ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵਿਚ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਦੇ ਸਹੁੰ ਚੁਕ ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਿਲਾਂਗ ਦੇ ਗੁਰਦੁਆਰਿਆਂ ਅਤੇ ਸਿੱਖ ਮੁਹੱਲਿਆਂ ਵਿਚ ਹੋਈਆਂ ਗੜਬੜੀਆਂ ਦੀ ਅਸਲ ਰੀਪੋਰਟ ਲੈ ਕੇ ਕੇਂਦਰ ਸਰਕਾਰ ਨਾਲ ਮਸ਼ਵਰਾ ਕਰ ਕੇ ਮੁੱਦਾ ਉਠਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੌਰਾਨ ਲੋਕਾਂ, ਸਿਆਸੀ ਨੇਤਾਵਾਂ ਤੇ ਵਰਕਰਾਂ ਨਾਲ ਹੋਈਆਂ ਵਧੀਕੀਆਂ ਦੀ ਜਾਂਚ ਪੜਤਾਲ ਕਰ ਰਹੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਦੀ ਮਿਆਦ 1 ਸਾਲ ਹੋਰ ਵਧਾ ਦਿਤੀ ਗਈ ਹੈ। ਉੁਨ੍ਹਾਂ ਦਸਿਆ ਕਿ ਕਿਸੇ ਵੀ ਰਾਜ, ਕਿਸੇ ਵੀ ਦੇਸ਼ ਜਾਂ ਥਾਂ 'ਤੇ ਕੀਤੀਆਂ ਜਾ ਰਹੀਆਂ ਵਧੀਕੀਆਂ, ਜ਼ੁਲਮਾਂ, ਅਤਿਆਚਾਰਾਂ ਦੀ ਪੜਤਾਲ ਕਰ ਕੇ ਮਾਮਲੇ ਵਾਪਸ ਲਏ ਜਾਣਗੇ।
ਜ਼ਕਰਯੋਗ ਹੈ ਕਿ ਇਸ ਕਮਿਸ਼ਨ ਦੇ 4300 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਕਰ ਕੇ ਪਿਛਲੇ 10-12 ਮਹੀਨੇ ਵਿਚ 7 ਰੀਪੋਰਟਾਂ ਦਿਤੀਆਂ ਸਨ ਅਤੇ 3000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਦਸਣਾ ਬਣਦਾ ਹੈ ਕਿ ਸੂਚਨਾ ਮੁਤਾਬਕ ਮੌਜੂਦਾ ਕਾਂਗਰਸ ਸਰਕਾਰ ਵਿਰੁਧ ਜੇ ਕਿਸੇ ਸਿਆਸੀ ਵਰਕਰ ਦੀ ਸ਼ਿਕਾਇਤ ਹੈ ਤਾਂ ਉਹ ਇਸ ਕਮਿਸ਼ਨ ਰਾਹੀਂ ਸੂਬੇ ਦੇ ਡੀਜੀਪੀ ਕੋਲ ਭੇਜੀ ਜਾਣੀ ਹੈ ਅਤੇ ਜੇ ਪੁਰਾਣੀ ਅਕਾਲੀ-ਭਾਜਪਾ ਸਰਕਾਰ ਵਿਰੁਧ ਹੈ ਤਾਂ ਉਸ ਦਾ ਨਿਪਟਾਰਾ ਇਹ ਕਮਿਸ਼ਨ ਹੀ ਕਰੇਗਾ।
ਸੂਬੇ ਵਿਚ ਗੈਂਗਸਟਰਾਂ ਦੀਆਂ ਮਾੜੀਆਂ ਗਤੀਵਿਧੀਆਂ ਕਤਲ ਅਤੇ ਮਚਾਈ ਗੁੰਡਾਗਰਦੀ ਬਾਰੇ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਵਲੋਂ ਪੂਰਾ ਕੰਟਰੋਲ ਹੈ ਅਤੇ ਕਈ ਗਰੁੱਪਾਂ ਨੂੰ ਦਬੋਚ ਲਿਆ ਗਿਆ ਹੈ। ਬਾਕੀ ਰਹਿੰਦੇ ਅਨਸਰਾਂ ਨੂੰ ਆਉਂਦੇ ਦਿਨਾਂ ਵਿਚ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਭਰੋਸਾ ਦਿਤਾ ਕਿ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿਤਾ ਜਾਵੇਗਾ ਅਤੇ ਪੂਰੀ ਸਖ਼ਤੀ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਕੀਤੀ ਮੰਗ ਕਿ ਵਿਧਾਨ ਸਭਾ ਸੈਸ਼ਨ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਵੇ ਅਤੇ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਦੀ ਚਰਚਾ ਕੀਤੀ ਜਾਵੇ, ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ, ਮੰਤਰੀਆਂ ਤੇ ਵਿਰੋਧੀ ਧਿਰਾਂ ਨੇ ਕੇਵਲ ਬਹਿਸ ਕਰਨੀ ਹੈ। ਇਕ ਦੂਜੇ 'ਤੇ ਦੋਸ਼ ਲਾਉਣੇ ਹਨ ਜਿਸ ਨਾਲ ਕੋਈ ਹੱਲ ਨਹੀਂ ਲੱਭਣਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਦੋਸ਼ੀ ਵਿਅਕਤੀਆਂ, ਸ਼ੂਗਰ ਮਿੱਲਾਂ ਅਤੇ ਹੋਰ ਫ਼ੈਕਟਰੀਆਂ ਵਿਰੁਧ ਸਖ਼ਤ ਐਕਸ਼ਨ ਜਾਰੀ ਹੈ।