8 ਜੂਨ ਤੋਂ ਖੁੱਲਣਗੇ ਧਾਰਮਿਕ ਸਥਾਨ ਪਰ ਲੰਗਰ ਤੇ ਪ੍ਰਸ਼ਾਦ ਵਰਤਾਉਣ 'ਤੇ ਮਨਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਲਗਭਗ 2 ਮਹੀਨਿਆਂ ਤੋਂ ਲੌਕਡਾਊਨ ਜਾਰੀ ਹੈ ਪਰ ਹੁਣ ਸਰਕਾਰ ਨੇ ਲੋਕਾਂ ਨੂੰ ਲੌਕਡਾਊਨ ਤੋਂ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

Darbar Sahib

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਲਗਭਗ 2 ਮਹੀਨਿਆਂ ਤੋਂ ਲੌਕਡਾਊਨ ਜਾਰੀ ਹੈ ਪਰ ਹੁਣ ਸਰਕਾਰ ਨੇ ਲੋਕਾਂ ਨੂੰ ਲੌਕਡਾਊਨ ਤੋਂ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ 8 ਜੂਨ ਤੋਂ ਦੇਸ਼ ਭਰ ਵਿਚ ਅਨਲੌਕ 1 ਲਾਗੂ ਕੀਤਾ ਜਾ ਰਿਹਾ ਹੈ।

ਇਸ ਦੇ ਤਹਿਤ 8 ਜੂਨ ਤੋਂ ਦੇਸ਼ ਭਰ ਵਿਚ ਮਾਲ, ਹੋਟਲ, ਰੈਸਟੋਰੈਂਟ ਅਤੇ ਧਾਰਮਕ ਸਥਾਨ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ। 8 ਜੂਨ ਤੋਂ ਲੌਕਡਾਊਨ ਵਿਚ ਮਿਲਣ ਵਾਲੀ ਛੋਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਨਵੀਂ ਗਾਈਡਲਾਈਨ ਵਿਚ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਉੱਥੇ ਬੈਠ ਕੇ ਖਾਣਾ ਖਾਣ 'ਤੇ ਮਨਾਹੀ ਹੋਵੇਗੀ।

ਇਸ ਦੌਰਾਨ ਚੰਡੀਗੜ੍ਹ ਵਿਚ ਵੀ ਅਨਲੌਕ 1 ਦੇ ਤਹਿਤ ਮਾਲਜ਼ ਦੀ ਸੈਨੀਟਾਈਜ਼ੇਸ਼ਨ ਦਾ ਕੰਮ ਜਾਰੀ ਹੈ। ਸਰਕਾਰ ਨੇ ਕਿਹਾ ਹੈ ਕਿ 15 ਜੂਨ ਨੂੰ ਇਸ 'ਤੇ ਸਮੀਖਿਆ ਕੀਤੀ ਜਾਵੇਗੀ ਅਤੇ ਹਲਾਤਾਂ ਨੂੰ ਦੇਖਦੇ ਹੋਏ ਫੈਸਲਾ ਜਾਰੀ ਰੱਖਿਆ ਜਾਵੇਗਾ।

ਸਰਕਾਰ ਵੱਲੋਂ ਜਾਰੀ ਨਵੀਆਂ ਗਾਈਡਲਾਈਨ ਮੁਤਾਬਕ ਸੋਮਵਾਰ ਤੋਂ ਪੰਜਾਬ ਵਿਚ ਸਾਰੇ ਧਾਰਮਕ ਸਥਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਮੰਦਿਰ, ਮਸਜਿਦ, ਚਰਚ ਅਤੇ ਗੁਰਦੁਆਰੇ ਖੋਲ੍ਹੇ ਜਾਣਗੇ। ਧਾਰਮਕ ਸਥਾਨਾਂ 'ਤੇ ਇਕ ਸਮੇਂ 20 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ।

ਸਮਾਜਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਧਾਰਮਕ ਸਥਾਨਾਂ 'ਤੇ ਲੰਗਰ ਅਤੇ ਪ੍ਰ੍ਸ਼ਾਦ ਵਰਤਾਉਣ 'ਤੇ ਮਨਾਹੀ ਕੀਤੀ ਗਈ ਹੈ। ਧਾਰਮਕ ਸਥਾਨਾਂ ਦੇ ਦਰਸ਼ਨ ਕਰਨ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ।