ਰਾਹੁਲ ਦੇ ਅਸਤੀਫ਼ੇ ਮਗਰੋਂ ਹੁਣ ਪਾਰਟੀ ਨੂੰ ਸਿਰਫ਼ ਨੌਜਵਾਨ ਆਗੂ ਹੀ ਕਰ ਸਕਦੈ ਮੁੜ ਸੁਰਜੀਤ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਰਾਹੁਲ ਦੇ ਮੰਦਭਾਗਾ ਕਿਨਾਰਾ ਕਰਨ ਤੋਂ ਬਾਅਦ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਨੌਜਵਾਨ ਆਗੂ ਦੇ ਹੱਕ ਵਿਚ

Captain Amarinder Singh

ਚੰਡੀਗੜ੍ਹ: ਰਾਹੁਲ ਗਾਂਧੀ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਮੰਦਭਾਗਾ ਕਿਨਾਰਾ ਕਰ ਲੈਣ ਦੇ ਸੰਦਰਭ ਵਿਚ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਆਗੂ ਦਾ ਸਮਰਥਨ ਕੀਤਾ ਹੈ। ਦੇਸ਼ ਵਿਚ ਨੌਜਵਾਨਾਂ ਦੀ ਵਧ ਰਹੀ ਜਨਸੰਖਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ’ਤੇ ਕਿਸੇ ਨੌਜਵਾਨ ਆਗੂ ਨੂੰ ਲਿਆਉਣ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ ਸਮੁੱਚੇ ਭਾਰਤ ਵਿਚ ਅਪਣੀ ਅਪੀਲ ਅਤੇ ਹੇਠਲੇ ਪੱਧਰ ’ਤੇ ਮੌਜੂਦਗੀ ਨਾਲ ਲੋਕਾਂ ਵਿਚ ਉਤਸ਼ਾਹ ਭਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਯੂਵਾ ਲੀਡਰਸ਼ਿਪ ਨੂੰ ਰਾਹ ਦਿਖਾਇਆ ਹੈ। ਭਾਰਤ ਨੌਜਵਾਨਾਂ ਦੀ ਸੰਖਿਆ ਵਿਚ ਦੁਨੀਆ ’ਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਇਕ ਨੌਜਵਾਨ ਆਗੂ ਲੋਕਾਂ ਦੀਆਂ ਖਾਹਿਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਮਝ ਸਕਦਾ ਹੈ ਅਤੇ ਉਨ੍ਹਾਂ ਨੂੰ ਪ੍ਰਸਥਿਤੀਆ ਨਾਲ ਮੇਲ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਵਿਚ ਕਿਸੇ ਵੀ ਤਰਾਂ ਦੀ ਤਬਦੀਲੀ ਲਾਜ਼ਮੀ ਤੌਰ ’ਤੇ ਭਾਰਤ ਦੀ ਸਮਾਜਿਕ ਅਸਲੀਅਤ ਤੋਂ ਪ੍ਰਤੀਬਿੰਬਤ ਹੋਣੀ ਚਾਹੀਦੀ ਹੈ ਜਿਸ ਦੀ 65 ਫ਼ੀਸਦੀ ਜਨਸੰਖਿਆ 35 ਸਾਲ ਦੀ ਉਮਰ ਤੋਂ ਘੱਟ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਦਾ ਅਪਣੇ ਅਸਤੀਫ਼ੇ ’ਤੇ ਅੜੇ ਰਹਿਣ ਦਾ ਫ਼ੈਸਲਾ ਬਹੁਤ ਜ਼ਿਆਦਾ ਨਿਰਾਸ਼ਾਜਨਕ ਹੈ ਅਤੇ ਇਹ ਪਾਰਟੀ ਲਈ ਬਹੁਤ ਨੁਕਸਾਨਦੇਹ ਹੈ। ਇਸ ਸਥਿਤੀ ਵਿਚੋਂ ਸਿਰਫ ਕਿਸੇ ਹੋਰ ਗਤੀਸ਼ੀਲ ਨੌਜਵਾਨ ਆਗੂ ਦੀ ਅਗਵਾਈ ਹੇਠ ਹੀ ਉਭਰਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਭ ਤੋਂ ਵੱਧ ਪੁਰਾਣੀ ਪਾਰਟੀ ਨੂੰ ਸਿਰਫ਼ ਇਕ ਨੌਜਵਾਨ ਆਗੂ ਹੀ ਮੁੜ ਸੁਰਜੀਤ ਕਰ ਸਕਦਾ ਹੈ। ਉਨ੍ਹਾਂ ਨੇ ਰਾਹੁਲ ਵਲੋਂ ਪੈਦਾ ਕੀਤੀ  ਊਰਜਾ ਅਤੇ ਉਤਸ਼ਾਹ ਨੂੰ ਜਾਰੀ ਰੱਖਣ ਦੀ ਕਾਂਗਰਸ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਸਫਾਂ ਵਿਚ ਜੋਸ਼ ਭਰਨ ਲਈ ਕਾਂਗਰਸ ਨੂੰ ਨੌਜਵਾਨ ਆਗੂ ਦੀ ਜ਼ਰੂਰਤ ਹੈ ਜੋ ਇਕ ਵਾਰ ਫਿਰ ਪਾਰਟੀ ਨੂੰ ਦੇਸ਼ ਦੀ ਇਕੋ-ਇਕ ਪਸੰਦੀਦਾ ਪਾਰਟੀ ਬਣਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇਸ਼ ਦੀਆਂ ਖਾਹਿਸ਼ਾਂ ਨੂੰ ਅਪਣੀ ਸੋਚ ਅਤੇ ਦੂਰ ਦ੍ਰਿਸ਼ਟੀ ਵਿਚ ਸ਼ਾਮਲ ਕਰਕੇ ਹੀ ਪਾਰਟੀ ਦੇ ਪੁਨਰਨਿਰਮਾਣ ਨੂੰ ਪ੍ਰਤੀਬਿਬਿੰਤ ਕਰ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਗੇ ਵੱਲ ਸੋਚਣ ਦੀ ਪਹੁੰਚ ਰੱਖਣ ਵਾਲਾ ਨੌਜਵਾਨ ਆਗੂ ਹੀ ਭਾਰਤ ਦੀ ਵੱਡੀ ਗਿਣਤੀ ਬਹੁਮਤ ਯੂਵਾ ਜਨਸੰਖਿਆ ਨੂੰ ਵਧੀਆ ਢੰਗ ਨਾਲ ਇਕ ਮਾਲਾ ਵਿਚ ਪਰੋ ਸਕਦਾ ਹੈ ਅਤੇ ਪਾਰਟੀ ਵਿਚ ਨਵੀਂ ਸੋਚ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਦੀਆਂ ਫੁਟਪਾਉ ਅਤੇ ਪ੍ਰਤੀਗਾਮੀ ਨੀਤੀਆਂ ਤੋਂ ਦੇਸ਼ ਨੂੰ ਬਾਹਰ ਕੱਢਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੀ ਬਜ਼ੁਰਗ ਲੀਡਰਸ਼ਿਪ ਦੀ ਸੇਧ ਹੇਠ ਦੂਰਦ੍ਰਿਸ਼ਟੀ ਅਤੇ ਆਧੁਨਿਕ ਸੋਚ ਵਾਲਾ ਇਕ ਨੌਜਵਾਨ ਆਗੂ ਹੀ ਨਵੇਂ ਭਾਰਤ ਦੇ ਜਨਮ ਲਈ ਰਾਹ ਤਿਆਰ ਕਰ ਸਕਦਾ ਹੈ ਜੋ ਕਿ ਜ਼ਿਆਦਾ ਗਤੀਸ਼ੀਲ, ਜੋਸ਼ੀਲਾ ਅਤੇ ਅਗਾਂਹਵਧੁ ਹੋਵੇ। ਉਨ੍ਹਾਂ ਕਿਹਾ ਕਿ ਪੁਰਾਣਿਆਂ ਨੂੰ ਨਵਿਆਂ ਲਈ ਰਾਹ ਛੱਡਣ ਦਾ ਸਮਾਂ ਆ ਗਿਆ ਹੈ। ਇਸ ਤੋਂ ਬਿਨਾਂ ਕਾਂਗਰਸ ਮੌਜੂਦਾ ਦਰਪੇਸ਼ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟ ਨਹੀਂ ਸਕਦੀ।