ਕੈਪਟਨ ਅਮਰਿੰਦਰ ਸਿੰਘ ਵੱਲੋਂ 'ਭਾਜਪਾ ਮੁਕਤ ਭਾਰਤ' ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ - ਕੇਂਦਰ 'ਚ ਅਗਲੀ ਸਰਕਾਰ ਯੂ.ਪੀ.ਏ.-3 ਦੀ ਬਣੇਗੀ

India will be 'BJP Mukt', UPA-3 to form next govt: Capt Amarinder

ਪਟਿਆਲਾ/ਡੇਰਾ ਬੱਸੀ : ਦੇਸ਼ ਦੀ ਏਕਤਾ ਅਤੇ ਭਵਿੱਖ ਦੀ ਸੁਰੱਖਿਆ ਲਈ ਭਾਜਪਾ ਮੁਕਤ ਭਾਰਤ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਨੂੰ ਬਚਾਉਣ ਅਤੇ ਇਸ ਨੂੰ ਵਿਕਾਸ ਦੇ ਮਾਰਗ 'ਤੇ ਲਿਜਾਣ ਲਈ ਯੂ.ਪੀ.ਏ.-3 ਸਰਕਾਰ ਦੇਸ਼ ਦੀ ਵਾਗਡੋਰ ਸੰਭਾਲੇਗੀ। ਪਟਿਆਲਾ ਜੁਡੀਸ਼ਰੀ ਕੰਪਲੈਕਸ ਵਿਚ ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਡੇਰਾ ਬੱਸੀ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਗ਼ੈਰ-ਰਸਮੀ ਗੱਲਬਾਤ ਦੌਰਾਨ ਇਹ ਵਿਚਾਰ ਪ੍ਰਗਟ ਕੀਤੇ। 

ਬਾਰ ਐਸੋਸੀਏਸ਼ਨ ਨੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੂੰ ਖੁੱਲ੍ਹਾਂ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜੁਡੀਸ਼ਲ ਕੰਪਲੈਕਸ ਦੇ ਵਿਕਾਸ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ, ਜਿਸ ਵਿਚ ਨਵੇਂ ਚੈਂਬਰ ਬਣਾਉਣ ਤੋਂ ਇਲਾਵਾ ਵਕੀਲਾਂ ਲਈ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਘੁੰਮਣ ਅਤੇ ਵੀ.ਪੀ. ਸ਼ਿਵਮ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਸਾਡੇ ਪਰਿਵਾਰ ਵਾਂਗ ਹਨ, ਜਿਨ੍ਹਾਂ ਨੇ ਬਾਰ ਐਸੋਸੀਏਸ਼ਨ ਅਤੇ ਪਟਿਆਲਾ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ ਜਦਕਿ ਪਿਛਲੀ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਅਣਗੌਲੀ ਰੱਖਿਆ।

ਪਹਿਲਾ ਬਾਰ ਐਸੋਸੀਏਸ਼ਨ ਅਤੇ ਬਾਅਦ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਵੱਡੀ ਢਾਹ ਲਾਈ ਹੈ ਜੋ ਕਿ ਭਾਰਤ ਦੀ ਮਜ਼ਬੂਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਮ ਨਿਰਪੱਖਤਾ ਹੁਣ ਭਾਰੀ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਵੇਲੇ ਗੰਭੀਰ ਸਮੇਂ 'ਚੋਂ ਗੁਜ਼ਰ ਰਿਹਾ ਹੈ ਜਿਸ ਕਰ ਕੇ ਦੇਸ਼ ਅਤੇ ਲੋਕਾਂ ਦੇ ਭਵਿੱਖ ਦੇ ਹਿੱਤ ਵਿਚ ਇਸ ਵਿਚ ਪਰਿਵਰਤਨ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ ਚਾਹੀਦਾ ਹੈ ਨਾ ਕਿ ਵੰਡੀਆਂ ਪਾਉਣਾ।

ਕੈਪਟਨ ਅਮਰਿੰਦਰ ਸਿੰਘ ਨੇ ਸੌੜੇ ਸਿਆਸੀ ਹਿੱਤਾਂ ਲਈ ਲੋਕਾਂ ਦਾ ਧਰੁਵੀਕਰਨ ਕਰਨ ਵਾਸਤੇ ਧਰਮ ਦੀ ਸਿਆਸਤ ਖੇਡਣ ਵਾਲੇ ਅਕਾਲੀਆਂ 'ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਇਨ੍ਹਾਂ ਨੇ 10 ਸਾਲਾਂ ਵਿਚ ਸੂਬੇ ਦਾ ਭੱਠਾ ਬਿਠਾ ਦਿੱਤਾ ਜਿਵੇਂ ਕਿ ਭਾਜਪਾ ਨੇ 5 ਸਾਲਾਂ ਵਿਚ ਮੁਲਕ ਦਾ ਬੇੜਾ ਡੋਬ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਬੇਅਦਬੀ ਦੀ ਇਕ ਤੋਂ ਬਾਅਦ ਇਕ ਘਟਨਾ ਇਹ ਸਿੱਧ ਕਰਦੀ ਹੈ ਕਿ ਇਹ ਲੋਕ ਧਰਮ ਦੇ ਨਾਂ 'ਤੇ ਸਿਆਸਤ ਕਰਨ ਲਈ ਕਿਸ ਹੱਦ ਤਕ ਜਾ ਸਕਦੇ ਹਨ। ਉਨ੍ਹਾਂ ਨੇ ਅਕਾਲੀਆਂ ਵੱਲੋਂ ਬਰਗਾੜੀ ਅਤੇ ਬੇਅਦਬੀ ਦੀਆਂ ਹੋਰ ਘਟਨਾਵਾਂ ਰਾਹੀਂ ਭਾਈਚਾਰਿਆਂ 'ਚ ਵੰਡੀਆਂ ਪਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਮੋਦੀ ਨੇ ਫਿਰਕੂਪੁਣੇ ਨੂੰ ਹਵਾ ਦੇ ਕੇ ਮੁਲਕ ਨੂੰ ਤੋੜਨ ਦੀ ਸੋਚ ਪਾਲੀ ਹੋਈ ਹੈ ਜਦਕਿ ਲੋਕ ਇਸ ਦੇ ਪੂਰੀ ਤਰ੍ਹਾਂ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਭਾਰਤ ਨੂੰ ਭਾਜਪਾ ਮੁਕਤ ਕਰਨ ਦਾ ਹੈ। ਕੈਪਟਨ ਨੇ ਕਿਹਾ ਕਿ ਗੁਰਦਾਸਪੁਰ 'ਚ ਸੁਨੀਲ ਜਾਖੜ ਦੀ ਜਿੱਤ ਪੱਕੀ ਹੈ। ਇਸ ਹਲਕੇ ਵਿਚ ਭਾਜਪਾ ਨੂੰ ਕੋਈ ਸਥਾਨਕ ਉਮੀਦਵਾਰ ਨਹੀਂ ਲੱਭਾ ਜਿਸ ਕਰ ਕੇ ਬੁਖਲਾਹਟ ਵਿਚ ਆ ਕੇ ਸਨੀ ਦਿਓਲ ਨੂੰ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਲਿਆ।

ਚੋਣਾਂ ਮਗਰੋਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ : ਕੈਪਟਨ
ਇਸ ਤੋਂ ਪਹਿਲਾਂ ਡੇਰਾਬੱਸੀ ਵਿਖੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਰਹੱਦ 'ਤੇ ਦੁਸ਼ਮਣਾਂ ਨਾਲ ਲੜਣ ਦਾ ਸਿਹਰਾ ਆਪਣੇ ਸਿਰ ਨਹੀਂ ਬੰਨ੍ਹਿਆ ਜਿਵੇਂ ਕਿ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਥਲ ਅਤੇ ਹਵਾਈ ਫ਼ੌਜਾਂ ਦੀਆਂ ਪ੍ਰਾਪਤੀਆਂ ਉੱਤੇ ਪੰਜਾਬ ਨੂੰ ਮਾਣ ਹੈ ਪਰ ਪੰਜਾਬ ਸਰਹੱਦੀ ਸੂਬਾ ਹੋਣ ਕਰ ਕੇ ਜੰਗ ਨਹੀਂ ਚਾਹੁੰਦਾ। ਉਨ੍ਹਾਂ ਨੇ ਬਾਰ ਐਸੋਸੀਏਸ਼ਨ ਅਤੇ ਡੇਰਾ ਬੱਸੀ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਟਿਆਲਾ ਨੂੰ ਉਦਯੋਗ ਦਾ ਧੁਰਾ ਬਣਾਵੇਗੀ ਅਤੇ ਪਟਿਆਲਾ ਦੇ ਨੌਜਵਾਨਾਂ ਲਈ 1 ਲੱਖ ਨੌਕਰੀਆਂ ਪੈਦਾ ਕਰੇਗੀ। ਪਰਨੀਤ ਕੌਰ ਨੇ ਵੀ ਇਸ ਮੌਕੇ ਵੱਖ-ਵੱਖ ਵਾਅਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।