ਖਹਿਰਾ ਦੀ ਦਲਿਤ ਵਿਰੋਧੀ ਸੋਚ ਬਰਦਾਸ਼ਤ ਨਹੀਂ ਕਰਾਂਗੇ : ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ...........

Gulzar Singh Ranike

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਕਾਟੋ ਕਲੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸਰੋਕਾਰ ਨਹੀਂ ਹੈ, ਪ੍ਰੰਤੂ ਇਸ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੀ ਦਲਿਤ-ਵਿਰੋਧੀ ਸੋਚ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿਚ ਸ੍ਰੀ ਰਣੀਕੇ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੁੱਸਣ ਦਾ ਗੁੱਸਾ ਕੱਢਣ ਵਾਸਤੇ ਸਮੁੱਚੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਹਰਕਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਖੁਦ ਨੂੰ ਲੋਕ ਪੱਖੀ ਆਗੂ ਅਖਵਾਉਣ ਦਾ ਢਕਵੰਜ ਰਚਣ ਵਾਲੇ ਖਹਿਰਾ ਦਾ ਅਸਲੀ ਚਿਹਰਾ ਉਸ ਸਮੇਂ ਇਕਦਮ ਸਾਹਮਣੇ ਆ ਗਿਆ, ਜਦੋਂ ਆਪ ਦੀ ਲੀਡਰਸ਼ਿਪ ਨੇ ਉਸ ਤੋਂ ਵਿਰੋਧੀ ਆਗੂ ਦਾ ਅਹੁਦਾ ਖੋਹ ਕੇ ਇੱਕ ਦਲਿਤ ਆਗੂ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ।  ਅਹੁਦਾ ਖੁੱਸਦੇ ਹੀ ਜਗੀਰੂ-ਸੋਚ ਦੇ ਮਾਲਕ ਖਹਿਰਾ ਵੱਲੋਂ 'ਭਾਬੀ' ਵਰਗੀ ਸ਼ਬਦਾਵਲੀ ਵਰਤ ਕੇ ਦਲਿਤਾਂ ਖ਼ਿਲਾਫ ਕੀਤੀਆਂ ਘਟੀਆ ਟਿੱਪਣੀਆਂ ਨਾਲ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਨੂੰ ਡਾਢੀ ਠੇਸ ਪਹੁੰਚੀ ਹੈ। ਖਹਿਰਾ ਨੂੰ ਆਪਣੀ ਇਸ ਕੋਝੀ ਹਰਕਤ ਲਈ ਤੁਰੰਤ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਜੇਕਰ ਆਪ ਆਗੂ ਨੇ ਤੁਰੰਤ ਦਲਿਤ ਸਮਾਜ ਕੋਲੋਂ ਮੁਆਫੀ ਨਾ ਮੰਗੀ ਤਾਂ ਅਕਾਲੀ ਦਲ ਦੀ ਅਗਵਾਈ ਵਿਚ ਦਲਿਤ ਭਾਈਚਾਰੇ ਵੱਲੋਂ ਖਹਿਰਾ ਵਿਰੁੱਧ ਰਾਜ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਉਸ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉੁਨ੍ਹਾਂ ਨਾਲ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਸੋਹਣ ਸਿੰਘ ਠੰਡਲ, ਦਰਸ਼ਨ ਸਿੰਘ ਕੋਟ ਕਰਾਰ ਅਤੇ ਸੁਖਵਿੰਦਰ ਸਿੰਘ ਮੂਨਕ ਹਾਜ਼ਰ ਸਨ।