ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਿੱਧੂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ, ਸੀਸੀਟੀਵੀ ਫੁਟੇਜ਼ ਕੀਤੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਸਾਬਕਾ ਅਕਾਲੀ ਸਰਕਾਰ ਦੀ ਸ਼ਮੂਲੀਅਤ ਦਾ ਮਾਮਲਾ ਦਿਨੋ ਦਿਨ ਹੋਰ ਭਖ਼ਦਾ ਜਾ ਰਿਹਾ ਹੈ

Sidhu discloced Kotkapura shoot out with cctv footage

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਸਾਬਕਾ ਅਕਾਲੀ ਸਰਕਾਰ ਦੀ ਸ਼ਮੂਲੀਅਤ ਦਾ ਮਾਮਲਾ ਦਿਨੋ ਦਿਨ ਹੋਰ ਭਖ਼ਦਾ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਅਕਾਲੀਆਂ ਨੂੰ ਮੁਸੀਬਤ ਵਿਚ ਪਾਇਆ ਹੋਇਆ ਹੈ, ਉਥੇ ਹੀ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਸਾਹਮਣੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ।

ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਗੋਲੀਕਾਂਡ ਅਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵਲੋਂ ਪਾਣੀ ਦੀਆਂ ਬੌਛਾੜਾਂ ਤੇ ਡੰਡੇ ਵਰ੍ਹਾਏ ਜਾਣ ਦੀ 14 ਅਕਤੂਬਰ 2015 ਦੀ ਸੀਸੀਟੀਵੀ ਫੁਟੇਜ ਰਿਲੀਜ਼ ਕਰ ਦਿਤੀ। ਨਵਜੋਤ ਸਿੱਧੂ ਵਲੋਂ ਮੀਡੀਆ ਵਿਚ ਜਾਰੀ ਕੀਤੀ ਗਈ ਕੋਟਕਪੂਰਾ ਚੌਂਕ ਦੀ ਸੀਸੀਟੀਵੀ ਫੁਟੇਜ ਵਿਚ ਦੇਖਿਆ ਗਿਆ ਹੈ ਕਿ ਪੁਲਿਸ ਵਲੋਂ ਧਰਨੇ 'ਤੇ ਸ਼ਾਂਤੀ ਨਾਲ ਬੈਠੇ ਲੋਕਾਂ 'ਤੇ ਗੋਲੀ ਚਲਾਈ ਗਈ ਹੈ। ਸਿੱਧੂ ਨੇ ਆਖਿਆ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਵੀ ਇਸ ਫੁਟੇਜ ਦਾ ਜ਼ਿਕਰ ਹੈ।

ਉਨ੍ਹਾਂ ਕਿਹਾ ਕਿ ਇਹ ਫੁਟੇਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਮੌਜੂਦ ਹੈ। ਵੀਡੀਉ ਵਿਚ ਉਸ ਸਮੇਂ ਕੀ ਘਟਨਾ ਵਾਪਰੀ ਸੀ, ਉਹ ਸਾਰਾ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀਆਂ ਜਾਂਚ ਰਿਪੋਰਟਸ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਰਾਤ ਦੇ 3 ਵਜੇ ਗੱਲ ਹੋਈ ਸੀ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਬਾਦਲ ਤੇ ਸੈਣੀ ਦਾ ਹੀ ਹੱਥ ਹੈ। ਸਿੱਧੂ ਵੱਲੋਂ ਰਿਲੀਜ਼ ਕੀਤੀ ਇਸ ਸੀਸੀਟੀਵੀ ਫੁਟੇਜ ਨੇ ਇਕ ਵਾਰ ਫਿਰ ਤੋਂ ਸਾਬਕਾ ਸਰਕਾਰ ਅਤੇ ਪੁਲਿਸ ਮੁਖੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜ੍ਹਾ ਕਰ ਦਿਤਾ ਹੈ। 

ਸਿੱਧੂ ਨੇ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਵੀ ਕੋਟਕਪੂਰਾ ਸੀਸੀਟੀਵੀ ਫੁਟੇਜ ਮੰਗੀ ਸੀ ਤੇ ਉਦੋਂ ਪੁਲਿਸ ਨੇ ਕਿਹਾ ਕਿ ਕੈਮਰਿਆਂ ਵਿਚ ਟਰੱਕ ਦੀ ਟੱਕਰ ਵੱਜਣ ਕਾਰਨ ਸਭ ਤਹਿਸ ਨਹਿਸ ਹੋ ਗਈ ਸੀ। ਸਿੱਧੂ ਨੇ ਕਿਹਾ ਕਿ ਜਸਟਿਸ ਰਣਜੀਤ ਕਮਿਸ਼ਨ ਨੇ 1-1 ਘੰਟੇ ਦੀਆਂ ਸਾਰੀਆਂ ਸੀਸੀਟੀਵੀ ਫੁਟੇਜ ਕੱਢ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਮੁੱਖ ਮੰਤਰੀ ਕੈਪਟਨ ਵਲੋਂ ਬੇਅਦਬੀ ਮਾਮਲਿਆਂ ਵਿਚ ਆਈਐਸਆਈ ਦੀ ਸ਼ਮੂਲੀਅਤ 'ਤੇ ਬੋਲਦਿਆਂ ਨਵਜੋਤ ਸਿੱਧੂ ਨੇ ਆਖਿਆ ਕਿ ਜਸਟਿਸ ਰਣਜੀਤ ਕਮਿਸ਼ਨ ਦੀ ਰੀਪੋਰਟ ਵਿਚ ਕੋਈ ਵੀ ਆਈਐਸਆਈ ਦਾ ਜ਼ਿਕਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਨੇ ਜੋ ਕਿਹਾ, ਉਹ ਉਨ੍ਹਾਂ ਦੇ ਬੋਲ ਹਨ, ਪਰ ਕਮਿਸ਼ਨ ਦੀ ਰਿਪੋਰਟ ਵਿਚ ਕੋਈ ਵੀ ਜ਼ਿਕਰ ਨਹੀਂ ਹੈ। ਸਿੱਧੂ ਨੇ ਕਿਹਾ ਕਿ ਦੋਵਾਂ ਬਾਦਲਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਦੋਹਾਂ ਵਿਰੁਧ ਬੇਕਸੂਰ ਬੈਠੀਆਂ ਸੰਗਤਾਂ 'ਤੇ ਤਸ਼ੱਦਦ ਢਾਹੁਣ ਦੇ ਜ਼ੁਰਮ ਵਿਚ ਪਰਚਾ ਦਰਜ ਕਰਨਾ ਚਾਹੀਦਾ ਹੈ।