ਪਟਾਕਾ ਫ਼ੈਕਟਰੀ ਧਮਾਕੇ ਮਗਰੋਂ ਇਸ ਪਰਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਦੇ ਦੋ ਜੀਅ ਵੀ ਮਾਰੇ ਗਏ ਅਤੇ 7 ਲੱਖ ਦੇ ਗਹਿਣੇ-ਨਕਦੀ ਵੀ ਚੋਰੀ ਹੋਈ

Batala firecracker factory explosion

ਬਟਾਲਾ : ਬੁਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ 'ਚ ਇਕ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਪਟਾਕਾ ਫ਼ੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 23 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖ਼ਮੀ ਹਨ। ਇਨ੍ਹਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਅਤੇ ਹਾਦਸੇ ਵਿਚ ਮਰਨ ਵਾਲਿਆਂ 'ਚ ਜ਼ਿਆਦਾਤਰ ਮਜ਼ਦੂਰ ਹਨ। ਇਸ ਧਮਾਕੇ ਕਾਰਨ ਫ਼ੈਕਟਰੀ ਪੂਰੀ ਤਰਾਂ ਢਹਿ-ਢੇਰੀ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।

ਨਵਦੀਪ ਨੇ ਦੱਸਿਆ ਕਿ ਉਸ ਦਾ ਘਰ ਬਿਲਕੁਲ ਫ਼ੈਕਟਰੀ ਦੇ ਨਾਲ ਲੱਗਦਾ ਹੈ। ਧਮਾਕੇ ਕਾਰਨ ਉਨ੍ਹਾਂ ਦੇ ਘਰ ਦੀ ਇਮਾਰਤ ਪੂਰੀ ਤਰ੍ਹਾਂ ਹਿੱਲ ਚੁੱਕੀ ਹੈ। ਧਮਾਕੇ ਮਗਰੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਭਰਜਾਈ ਅਤੇ ਬੱਚਾ ਮਲਬੇ 'ਚ ਦੱਬੇ ਗਏ ਹਨ ਤਾਂ ਸਾਰਾ ਪਰਵਾਰ ਉਨ੍ਹਾਂ ਨੂੰ ਲੈ ਕੇ ਹਸਪਤਾਲ ਚਲਿਆ ਗਿਆ। ਜਦੋਂ ਰਾਤ ਨੂੰ ਉਹ ਵਾਪਸ ਘਰ ਪਰਤੇ ਤਾਂ ਵੇਖਿਆ ਕਿ ਕਮਰਿਆਂ ਅੰਦਰ ਸਾਮਾਨ ਖਿਲਰਿਆ ਪਿਆ ਸੀ ਅਤੇ ਲਾਕਰ 'ਚ ਪਏ ਗਹਿਣੇ ਅਤੇ ਪੈਸੇ ਗ਼ਾਇਬ ਸਨ। ਉਨ੍ਹਾਂ ਦਾ ਕਰੀਬ 6-7 ਲੱਖ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਹੋਈ ਹੈ। 

ਨਵਦੀਪ ਨੇ ਦੱਸਿਆ ਕਿ ਹੁਣ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਘਰ 'ਚੋਂ ਬਾਹਰ ਕੱਢ ਦਿੱਤਾ ਹੈ ਅਤੇ ਕਿਹਾ ਹੈ ਕਿ ਘਰ ਨੂੰ ਢਾਹਿਆ ਜਾਵੇਗਾ, ਕਿਉਂਕਿ ਇਸ ਦੀਆਂ ਨੀਹਾਂ ਕਮਜੋਰ ਹੋ ਗਈਆਂ ਹਨ ਅਤੇ ਕਦੇ ਵੀ ਡਿੱਗ ਸਕਦਾ ਹੈ। ਉਸ ਨੇ ਚੋਰੀ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਨਵਦੀਪ ਨੇ ਮੰਗ ਕੀਤੀ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਐਲਾਨ 'ਤੇ ਗੁੱਸਾ ਪ੍ਰਗਟਾਉਂਦਿਆਂ ਨਵਦੀਪ ਨੇ ਕਿਹਾ ਕਿ ਜੇ ਪੈਸੇ ਨਾਲ ਇਨਸਾਨੀ ਜ਼ਿੰਦਗੀ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਬੜੀ ਸ਼ਰਮ ਦੀ ਗੱਲ ਹੈ। ਸਰਕਾਰ ਦੀ ਨਜ਼ਰ 'ਚ ਕੁੱਤਾ ਤੇ ਮਨੁੱਖ ਇਕ ਬਰਾਬਰ ਹੈ। ਕੈਪਟਨ ਨੇ ਆਪਣੇ ਘਰੇ 2 ਲੱਖ ਦਾ ਕੁੱਤਾ ਰੱਖਿਆ ਹੋਵੇਗਾ। ਇਹ ਤਾਂ ਮੁਆਵਜ਼ੇ ਦੇ ਨਾਂ 'ਤੇ ਮਜ਼ਾਕ ਕੀਤਾ ਗਿਆ ਹੈ।