ਸਾਬਕਾ MP ਤੇ MLA ਸੁਖਦੇਵ ਸਿੰਘ ਲਿਬੜਾ ਦਾ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸਾਂਸਦ ਸੁਖਦੇਵ ਸਿੰਘ ਲਿਬੜਾ ਨਹੀ ਰਹੇ। ਲਿਬੜਾ ਨੇ ਸਵੇਰੇ 4 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ।

Sukhdev Singh Libra

ਫ਼ਤਿਹਗੜ੍ਹ ਸਾਹਿਬ : 14ਵੀਂ ਤੇ 15ਵੀਂ ਲੋਕ ਸਭਾ ਦੇ ਸਾਬਕਾ ਮੈਂਬਰ ਅਤੇ ਪੰਜਾਬ ਦੇ ਵਿਧਾਇਕ ਰਹਿ ਚੁੱਕੇ ਸ੍ਰੀ ਸੁਖਦੇਵ ਸਿੰਘ ਲਿਬੜਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 87 ਸਾਲਾਂ ਦੇ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸ੍ਰੀ ਲਿਬੜਾ ਦਾ ਅੰਤਿਮ ਸਸਕਾਰ ਅੱਜ ਸ਼ੁੱਕਰਵਾਰ ਦੁਪਹਿਰੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ’ਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਲਿਬੜਾ ਵਿਖੇ ਕੀਤਾ ਜਾਵੇਗਾ।

ਸ੍ਰੀ ਸੁਖਦੇਵ ਸਿੰਘ ਲਿਬੜਾ ਦਾ ਜਨਮ 7 ਨਵੰਬਰ, 1932 ਸ੍ਰੀ ਕਰਤਾਰ ਸਿੰਘ ਤੇ ਸ੍ਰੀਮਤੀ ਚੰਦ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ 1 ਜਨਵਰੀ, 1948 ਨੂੰ ਸੁਰਜੀਤ ਕੌਰ ਹੁਰਾਂ ਨਾਲ ਹੋਇਆ ਸੀ। ਉਨ੍ਹਾਂ ਦੇ 3 ਪੁੱਤਰ ਤੇ 3 ਹੀ ਧੀਆਂ ਹਨ। ਸ੍ਰੀ ਲਿਬੜਾ 14ਵੀਂ ਤੇ 15ਵੀਂ ਲੋਕ ਸਭਾ ਦੇ ਮੈਂਬਰ ਰਹੇ ਸਨ। ਉਹ 1985 ’ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਇਸ ਤੋਂ ਇਲਾਵਾ ਉਹ 1998 ਤੋਂ ਲੈ ਕੇ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਉਹ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਸਨ ਤੇ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਸਨ।

ਸ੍ਰੀ ਲਿਬੜਾ ਨੇ ਮੁਢਲੀ ਸਿੱਖਿਆ ਖੰਨਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਤੋਂ ਹਾਸਲ ਕੀਤੀ ਸੀ। ਉਹ ਆਪਣੇ ਜੀਵਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀਆਂ ਅਨੇਕ ਕਮੇਟੀਆਂ ਦੇ ਮੈਂਬਰ ਰਹੇ ਅਤੇ ਬਹੁਤ ਸਾਰੀਆਂ ਧਾਰਮਿਕ ਤੇ ਸਮਾਜ–ਸੇਵੀ ਜੱਥੇਬੰਦੀਆਂ ਨਾਲ ਵੀ ਜੁੜੇ ਰਹੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।