ਕਲਕੱਤਾ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਪੰਡਾਲ ਬਣਾਉਣ ਤੋਂ ਸਿੱਖ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਲਕੱਤਾ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰ ਕੇ ਇਕ ਪੰਡਾਲ ਬਣਾਉਣ ਦਾ ਮਾਮਲਾ ਸਾਹਮਣੇ ਆਉਣ 'ਤੇ ਸਿੱਖ ਸੰਗਤਾਂ ਅੰਦਰ ਰੋਸ ਦੀ ਲਹਿਰ ਹੈ।

Sikhs reluctant make pandal on lines of Sach Khand Sri Harmandir Sahib in Calcutta

ਅੰਮ੍ਰਿਤਸਰ (ਪਰਮਿੰਦਰ ਅਰੋੜਾ): ਕਲਕੱਤਾ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰ ਕੇ ਇਕ ਪੰਡਾਲ ਬਣਾਉਣ ਦਾ ਮਾਮਲਾ ਸਾਹਮਣੇ ਆਉਣ 'ਤੇ ਸਿੱਖ ਸੰਗਤਾਂ ਅੰਦਰ ਰੋਸ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਕਲਕੱਤਾ ਦੇ ਭਵਾਨੀਪੁਰ ਇਲਾਕੇ 'ਚ ਨਾਰਦਰਨ ਪਾਰਕ 'ਚ ਦੁਰਗਾ ਪੂਜਾ ਮੌਕੇ ਇਹ ਪੰਡਾਲ ਬਣਾਇਆ ਗਿਆ ਹੈ, ਜੋ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ਦਾ ਹੈ। ਇਸ 'ਤੇ ਸੰਗਤਾਂ ਨੇ ਇਤਰਾਜ਼ ਪ੍ਰਗਟ ਕੀਤੇ ਹਨ। ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਕਾਰਵਾਈ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ। ਇਸ ਨਾਲ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਦੁਖੀਆਂ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ, ਮਾਨਤਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ।

ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਕਲਕੱਤਾ ਵਿਖੇ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਬੰਧਕਾਂ ਨੂੰ ਪੜਤਾਲ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ ਵੀ ਪੜਤਾਲ 'ਚ ਸਹਿਯੋਗ ਕਰਨਗੇ। ਭਾਈ ਲੌਂਗੋਵਾਲ ਨੇ ਵਰਤਮਾਨ ਸਮੇਂ 'ਚ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਦੇ ਚਲਨ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ।