ਅੰਮ੍ਰਿਤਸਰ: ਦਵਾਈਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ; 6 ਤੋਂ 7 ਲੋਕ ਅਜੇ ਵੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

7 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਗਿਆ ਅੱਗ ’ਤੇ ਕਾਬੂ

4 dead in massive fire at factory in Amritsar

 

 

ਅੰਮ੍ਰਿਤਸਰ: ਮਜੀਠਾ ਦੇ ਨਾਗਕਲਾਂ ਨੇੜੇ ਸਥਿਤ ਕੁਆਲਿਟੀ ਫਾਰਮਾਸਿਊਟੀਕਲ ਫੈਕਟਰੀ ਵਿਚ ਬੀਤੀ ਦੁਪਹਿਰ 3 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਵਿਚ ਸੈਂਕੜੇ ਮੁਲਾਜ਼ਮ ਕੰਮ ਕਰ ਰਹੇ ਸਨ। 6 ਤੋਂ 7 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਨੇ 7 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਰਾਤ 10 ਵਜੇ ਤਕ ਅੱਗ ’ਤੇ ਕਾਬੂ ਪਾਇਆ ਪਰ ਅੰਦਰ ਕੰਮ ਕਰਦੇ ਚਾਰ ਕਰਮਚਾਰੀ ਛੁੱਟੀ ਦੇ ਸਮੇਂ ਤੋਂ ਦੋ ਘੰਟੇ ਬਾਅਦ ਵੀ ਘਰ ਨਹੀਂ ਪਹੁੰਚੇ, ਜਿਸ ਕਾਰਨ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਫੈਕਟਰੀ ਪਹੁੰਚੇ। ਚਾਰ ਕਰਮਚਾਰੀ ਸੁਖਜੀਤ (27) ਵਾਸੀ ਪਾਰਥਵਾਲ, ਗੁਰਭੇਜ (25) ਵਾਸੀ ਵੇਰਕਾ, ਕੁਲਵਿੰਦਰ ਸਿੰਘ (17) ਅਤੇ ਰਾਣੀ (22) ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।

ਇਸ ਤੋਂ ਬਾਅਦ 11 ਵਜੇ ਚਾਰ ਲਾਸ਼ਾਂ ਬਰਾਮਦ ਹੋਈਆਂ ਪਰ ਅਜੇ ਤਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਫੈਕਟਰੀ ਅੰਦਰ ਤੇਲ ਦੇ 500 ਡਰੰਮ ਪਏ ਹੋਣ ਕਾਰਨ ਅੱਗ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਥਿਤੀ ਇਕ ਵਾਰ ਕਾਬੂ ਤੋਂ ਬਾਹਰ ਹੋ ਗਈ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ।