ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ’ਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਬਾਲਗ ਜੋੜਿਆਂ ਤੋਂ ਇਲਾਵਾ ਭੈਣ-ਭਰਾ ਦੇ ਵੀ ਕਰਵਾ ਦਿਤੇ ਵਿਆਹ

Image: For representation purpose only.



ਬਠਿੰਡਾ: ਹੰਸ ਨਗਰ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ਵਿਚ 100 ਤੋਂ ਵੱਧ ਫਰਜ਼ੀ ਆਨੰਦ ਕਾਰਜ ਕਰਵਾਏ। ਗ੍ਰੰਥੀ ਨੇ ਅਪਣੇ ਗੁਰਦੁਆਰਾ ਸਾਹਿਬ ਵਿਚ ਅਨੰਦ ਕਾਰਜ ਕਰਵਾਉਣ ਤੋਂ ਬਾਅਦ ਦੂਜੇ ਗੁਰਦੁਆਰਾ ਸਾਹਿਬ ਦੇ ਜਾਅਲੀ ਲੈਟਰ ਪੈਡਾਂ ’ਤੇ ਜੋੜਿਆਂ ਨੂੰ ਵਿਆਹ ਦੇ ਸਰਟੀਫਿਕੇਟ ਦਿਤੇ। ਗ੍ਰੰਥੀ ਨੇ ਕਈ ਨਾਬਾਲਗ ਜੋੜਿਆਂ ਦੇ ਵਿਆਹ ਕਰਵਾਉਣ ਤੋਂ ਇਲਾਵਾ ਭੈਣਾਂ-ਭਰਾਵਾਂ ਦੇ ਵਿਆਹ ਵੀ ਕਰਵਾਏ।

 

ਜਾਣਕਾਰੀ ਅਨੁਸਾਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਅਤੇ ਪ੍ਰਵਾਰ ਨੇ ਗੁਰਦੁਆਰਾ ਸਾਹਿਬ ਆ ਕੇ ਪੁਛਗਿਛ ਸ਼ੁਰੂ ਕਰ ਦਿਤੀ। ਜਿਨ੍ਹਾਂ ਲੋਕਾਂ ਦੇ ਆਨੰਦ ਕਾਰਜ ਕਰਵਾਏ ਗਏ, ਉਹ ਜ਼ਿਆਦਾਤਰ ਵਿਦੇਸ਼ ਜਾਣ ਲਈ ਕੰਟਰੈਕਟ ਵਿਆਹ ਨਾਲ ਸਬੰਧਤ ਸਨ। ਜਦੋਂ ਮਾਮਲਾ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ 96 ਕਰੋੜ ਤਕ ਪਹੁੰਚਿਆ ਤਾਂ ਉਨ੍ਹਾਂ ਨੇ ਅਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕੀਤੀ। ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗ੍ਰੰਥੀ ਫਰਾਰ ਹੋ ਗਿਆ। ਬੁੱਢਾ ਦਲ ਨੇ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਬਠਿੰਡਾ ਨੂੰ ਕੀਤੀ ਹੈ। ਇਸ ਦੇ ਨਾਲ ਹੀ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

 

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਗ੍ਰੰਥੀ ਨੇ ਸੰਜੇ ਨਗਰ ਅਤੇ ਬੀੜ ਤਾਲਾਬ ਬਸਤੀ ਨੰਬਰ 6 ਸਥਿਤ ਗੁਰਦੁਆਰਾ ਸਾਹਿਬ ਦੇ ਨਾਂਅ ’ਤੇ ਜਾਅਲੀ ਲੈਟਰ ਪੈਡ ਬਣਾਏ ਹਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦੇ ਇਕ ਪ੍ਰਵਾਰ ਨੇ ਇਸ ਗੁਰਦੁਆਰਾ ਸਾਹਿਬ ਦੀ ਭਾਲ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਕੁੱਝ ਦਿਨ ਪਹਿਲਾਂ ਗ੍ਰੰਥੀ ਨੇ ਇਕ ਲੜਕੇ ਦਾ ਵਿਆਹ ਉਸ ਦੀ ਮਾਸੀ ਦੀ ਲੜਕੀ ਨਾਲ ਕਰਵਾਇਆ ਸੀ। ਇਸ ਦੌਰਾਨ ਗੁਰਦੁਆਰਾ ਕਿਲਾ ਮੁਬਾਰਕ ਅਤੇ ਗੁਰਦੁਆਰਾ ਹਾਜੀ ਰਤਨ ਬਠਿੰਡਾ ਦੇ ਮੈਨੇਜਰ ਸੁਮੇਰ ਸਿੰਘ ਨੇ ਦਸਿਆ ਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ।