ਗੁਰਨਾਮ ਚੜੂਨੀ ਦਾ ਐਲਾਨ,117 ਸੀਟਾਂ ’ਤੇ ਲੜਾਂਗੇ ਚੋਣ, ਕੋਈ ਵੱਡਾ ਆਗੂ ਪਾਰਟੀ ’ਚ ਨਹੀਂ ਕਰਾਂਗੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਨਾਮ ਚੜੂਨੀ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਚੱਠਾ ਦੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।

Gurnam Singh Charuni

ਗੁਰਦਾਸਪੁਰ (ਨਿਤਿਨ ਲੁਥਰਾ): ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਚੱਠਾ ਦੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਉਸ ਮਹਾਨ ਸ਼ਹੀਦ ਦੇ ਘਰ ਆਏ ਹਾਂ, ਜਿਸ ਨੇ ਦੇਸ਼ ਲਈ ਸ਼ਹੀਦੀ ਦਿੱਤੀ ਹੈ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ-ਪਾਕਿਸਤਾਨ ਦੇ ਰੌਲੇ ਵਿਚ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰਾਂ ਦੀਆਂ ਹੋ ਰਹੀਆਂ ਸ਼ਹੀਦੀਆਂ ਨੂੰ ਰੋਕਣ ਦਾ ਇਕੋ-ਇਕ ਹਲ ਹੈ ਕਿ ਜਿੰਨੇ ਵੀ ਭਾਰਤ ਜਾਂ ਪਾਕਿਸਤਾਨ ਦੇ ਰਾਜਨੀਤਿਕ ਲੋਕ ਹਨ, ਉਹ ਚੋਣਾਂ ਲੜਨ ਤੋਂ ਪਹਿਲਾਂ ਆਪ ਜਾਂ ਅਪਣੇ ਬੱਚਿਆਂ ਨੂੰ ਸਰਹੱਦ ਦੀ ਰਾਖੀ ਲਈ 5 ਸਾਲ ਫੌਜ ਵਿਚ ਭਰਤੀ ਕਰਵਾਉਣ।

ਕਿਸਾਨ ਆਗੂ ਨੇ ਕਿਹਾ ਕਿ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦੀ ਪਾਰਟੀ ਵਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਉਹਨਾਂ ਕਿਹਾ ਕਿ ਉਹ ਅਪਣੀ ਪਾਰਟੀ ਵਿਚ ਰਵਾਇਤੀ ਪਾਰਟੀਆਂ ਦੇ ਵੱਡੇ ਆਗੂਆਂ ਜਾਂ ਦਾਗੀ ਆਗੂਆਂ ਨੂੰ ਸ਼ਾਮਲ ਨਹੀਂ ਕਰਨਗੇ। ਪਾਰਟੀ ਵਿਚ ਆਮ ਲੋਕਾਂ, ਅੰਦੋਲਨਕਾਰੀ, ਸਮਾਜ ਸੇਵੀ ਅਤੇ ਬੁੱਧੀਜੀਵੀਆਂ ਨੂੰ ਜੋੜਿਆ ਜਾਵੇਗਾ ਹੈ। ਉਹਨਾਂ ਕਿਹਾ ਉਹ ਖੁਦ ਚੋਣ ਨਹੀਂ ਲੜਨਗੇ।

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਵਿਚ ਇਕ ਅਜਿਹੀ ਰਵਾਇਤ ਪਾਈ ਜਾਵੇਗੀ, ਜਿਸ ਨਾਲ ਕਦੀ ਵੀ ਕੋਈ ਸਿਆਸੀ ਪਾਰਟੀ ਕਿਸਾਨਾਂ ਦਾ ਸ਼ੋਸ਼ਣ ਨਹੀਂ ਕਰ ਸਕੇਗੀ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਸਾਡੀ ਪਹਿਲ ਹੈ, ਇਸ ਲਈ ਉਹ ਫਿਲਹਾਲ ਪਾਰਟੀ ਦਾ ਐਲਾਨ ਨਹੀਂ ਕਰਨਗੇ। ਕਿਸਾਨ ਆਗੂ ਨੇ ਕਿਹਾ ਜੇ ਖੇਤੀ ਕਾਨੂੰਨ ਰੱਦ ਵੀ ਹੋ ਜਾਣ ਤਾਂ ਸਥਿਤੀ ਪਹਿਲਾਂ ਵਾਂਗ ਹੋ ਜਾਵੇਗੀ ਪਰ ਉਦੋਂ ਵੀ ਕਿਸਾਨ ਖੁਸ਼ ਨਹੀਂ ਸਨ। ਉਦੋਂ ਵੀ ਕਿਸਾਨ ਆਰਥਕ ਤੰਗੀ ਕਾਰਨ ਖੁਦਕੁਸ਼ੀਆਂ ਕਰਦੇ ਸਨ।