ਕਿਸਾਨਾਂ ਨੂੰ ਸਿੰਘੂ ਬਾਰਡਰ 'ਤੇ ਆਉਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਲਗਾ ਦਿੱਤੀ ਫ਼ੌਜ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਗੂ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇੱਥੇ ਪਹੁੰਚੇ ਤਾਂ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਉਹਨਾਂ ਨੂੰ ਉੱਪਰੋਂ ਹਦਾਇਤ ਦਿੱਤੀ ਗਈ ਹੈ।

Central government deploys army to stop farmers

ਨਵੀਂ ਦਿੱਲੀ (ਹਰਜੀਤ ਕੌਰ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਦੀ ਅਗਵਾਈ ਵਿਚ 600-700 ਕਿਸਾਨਾਂ ਦਾ ਕਾਫਲਾ ਅੱਜ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਪਹੁੰਚਿਆ। ਇੱਥੇ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਦੀ ਪੁਲਿਸ ਨਾਲ ਬਹਿਸ ਹੋਈ। ਇਸ ਦੇ ਚਲਦਿਆਂ ਮਾਹੌਲ ਤਣਾਅਪੂਰਨ ਵੀ ਬਣ ਗਿਆ।

ਹੋਰ ਪੜ੍ਹੋ: 49 ਦਿਨਾਂ 'ਚ ਜ਼ੀਰੋ ਹੈ ਚੰਨੀ ਸਰਕਾਰ ਦੀ ਕਾਰਗੁਜ਼ਾਰੀ : ਹਰਪਾਲ ਸਿੰਘ ਚੀਮਾ

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇੱਥੇ ਪਹੁੰਚੇ ਤਾਂ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਉਹਨਾਂ ਨੂੰ ਉੱਪਰੋਂ ਹਦਾਇਤ ਦਿੱਤੀ ਗਈ ਹੈ। ਉਹਨਾਂ ਨੂੰ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨੇ। ਇਸ ਤੋਂ ਬਾਅਦ ਉਹਨਾਂ ਦੇ ਅਧਿਕਾਰੀ ਵੀ ਉੱਥੇ ਪਹੁੰਚੇ।ਸੁਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਪੜ੍ਹੋ: ਅਜੇ ਵੀ ਵੱਡੀ ਕੁਰਸੀ 'ਤੇ ਬਿਰਾਜਮਾਨ ਹੈ ਟਰਾਂਸਪੋਰਟ ਮਾਫੀਆ ਦਾ ਮੁੱਖ ਕਰਤਾ- ਧਰਤਾ: ਮੀਤ ਹੇਅਰ

ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਸ਼ਾਂਤਮਈ ਢੰਗ ਨਾਲ ਬੈਠੇ ਹਾਂ ਪਰ ਸਰਕਾਰ ਉਹਨਾਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰ ਰਹੀ ਹੈ। ਸਰਕਾਰ ਦੀ ਮਨਸ਼ਾ ਸਹੀ ਨਹੀਂ ਹੈ। ਸਰਕਾਰ ਇਸ ਮਸਲੇ ਦਾ ਹੱਲ ਨਹੀਂ ਚਾਹੁੰਦੀ। ਉਹ ਅਪਣੇ ਜ਼ਬਰ ਨਾਲ ਸਾਡਾ ਸਬਰ ਪਰਖ ਰਹੀ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜਥਾ ਬੀਤੇ ਦਿਨ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਤੁਰਿਆ ਸੀ ਅਤੇ ਉਹਨਾਂ ਨੇ ਸ਼ਾਹਬਾਦ ਵਿਖੇ ਰਾਤ ਬਿਤਾਈ। ਇਸ ਤੋਂ ਬਾਅਦ ਉਹ ਸ਼ਾਂਤਮਈ ਢੰਗ ਨਾਲ ਇੱਥੇ ਪਹੁੰਚੇ ਸਨ।

ਹੋਰ ਪੜ੍ਹੋ: ਕੈਪਟਨ ਹੁਣ ਪੰਜਾਬ 'ਚ RSS ਦੇ ਪ੍ਰਚਾਰਕ ਵਜੋਂ ਕੰਮ ਕਰਨਗੇ- ਪ੍ਰੋ. ਮਨਜੀਤ ਸਿੰਘ

ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਰਾ ਧਮਕਾ ਕੇ ਵਾਪਸ ਭੇਜਣਾ ਚਾਹੁੰਦੀ ਹੈ ਪਰ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨ ਉਦੋਂ ਤੱਕ ਡਟ ਕੇ ਬੈਠੇ ਰਹਿਣਗੇ, ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ। ਇਸ ਤੋਂ ਇਲਾਵਾ ਹੋਰ ਵੀ ਕਿਸਾਨ ਜਲਦੀ ਦਿੱਲੀ ਪਹੁੰਚਣਗੇ ਅਤੇ ਕਿਸਾਨ ਮੋਰਚਾ ਚੜਦੀਕਲਾ ਵਿਚ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਜਿੰਨੇ ਮਰਜ਼ੀ ਰਾਸਤੇ ਰੋਕਣ ਪਰ ਅਸੀਂ ਅਪਣੇ ਰਾਸਤੇ ਬਣਾਉਣਾ ਜਾਣਦੇ ਹਾਂ। ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਸਬੰਧੀ ਉਹਨਾਂ ਕਿਹਾ ਕਿ ਅਗਲੀ ਰਣਨੀਤੀ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ।