"ਵੱਡਾ ਬਾਦਲ PM ਨਾਲ ਗੱਲ ਕਿਉਂ ਨਹੀਂ ਕਰਦਾ ਕਿ ਸ਼ਿਲੌਂਗ 'ਚ ਸਿੱਖਾਂ ਨਾਲ ਧੱਕਾ ਕਿਉਂ ਹੋ ਰਿਹਾ"
"ਸਬਕਾ ਸਾਥ, ਸਬਕਾ ਵਿਕਾਸ" ਦੇ ਨਾਅਰੇ ’ਚੋਂ ਢਾਈ ਕਰੋੜ ਸਿੱਖਾਂ ਨੂੰ ਤਾਂ ਬਾਹਰ ਕੱਢ ਦੇਣਾ ਚਾਹੀਦਾ: ਢਿੱਲੋਂ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਭਾਜਪਾ ਨਾਲ ਗਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਸ਼ਿਲੌਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਐਕਵਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ 200 ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਅਤੇ ਪੰਜਾਬੀਆਂ 'ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ। ਦਿਨ ਪ੍ਰਤੀ ਦਿਨ ਇਹ ਮਸਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ, ਸਥਾਨਕ ਸਿੱਖਾਂ ਤੋਂ ਇਲਾਵਾ ਦੁਨੀਆਂ ਭਰ ਵਿਚ ਵਸਦੇ ਸਿੱਖ ਵੀ ਚਿੰਤਾ ਵਿਚ ਹਨ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਿੱਖ ਚਿੰਤਕ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੇ "ਸਬਕਾ ਸਾਥ, ਸਬਕਾ ਵਿਕਾਸ" ਦੇ ਨਾਅਰੇ ਦਾ ਕੋਈ ਮਤਲਬ ਨਹੀਂ ਹੈ, ਇਸ ਵਿਚੋਂ ਢਾਈ ਕਰੋੜ ਸਿੱਖਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਨਾਲ ਹਰ ਪਹਿਲੂ ’ਤੇ ਵਿਤਕਰਾ ਹੁੰਦਾ ਰਿਹਾ ਅਤੇ ਹੁੰਦਾ ਰਹੇਗਾ।
ਉਹਨਾਂ ਕਿਹਾ ਕਿ ਸਿੱਖਾਂ ਦੀ ਅਪਣੀ ਧਾਰਮਿਕ ਵਿਲੱਖਣ ਹੈਸੀਅਤ ਹੈ, ਜੋ ਸਾਨੂੰ ਗੁਰੂਆਂ ਦੀ ਵਿਰਾਸਤ ਵਿਚੋਂ ਮਿਲੀ ਹੈ, ਸਿੱਖਾਂ ਨਾਲ ਹਰ ਪਹਿਲੂ ’ਤੇ ਬੇਇਨਸਾਫੀ ਹੋ ਰਹੀ ਹੈ। ਇਸ ਦੇਸ਼ ਦੇ ਕਾਨੂੰਨ ਵੀ ਸਿੱਖਾਂ ’ਤੇ ਲਾਗੂ ਨਹੀਂ ਹੋ ਰਹੇ। ਇਸ ਲਈ ਸਦੀਆਂ ਤੋਂ ਸ਼ਿਲੌਂਗ ਵਿਚ ਵਸ ਰਹੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਿੱਖ ਜਿੱਥੇ ਵੀ ਰਹਿੰਦੇ ਹਨ, ਉਦੋਂ ਦੇ ਵਿਕਾਸ ਵਿਚ ਅਪਣਾ ਯੋਗਦਾਨ ਜ਼ਰੂਰ ਪਾਉਂਦੇ ਹਨ। ਉਹਨਾਂ ਕਿਹਾ ਕਿ ਸ਼ਿਲੌਂਗ ਵਿਚ ਗਰੀਬ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਗੁਰਦਰਸ਼ਨ ਢਿੱਲੋਂ ਨੇ ਕਿਹਾ ਕਿ ਇਸ ਬੇਇਨਸਾਫੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਅਕਾਲੀ ਕਹਿੰਦੇ ਹਨ ਕਿ ਅਕਾਲੀ ਦਲ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ ਪਰ ਉਹ ਇਸ ਮੁੱਦੇ ’ਤੇ ਬਿਲਕੁਲ ਚੁੱਪ ਹਨ। ਇਸ ਤੋਂ ਇਲਾਵਾ ਇਹ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਬੇਇਨਸਾਫੀ ਖਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕਣ। ਉਹਨਾਂ ਕਿਹਾ ਕਿ ਇਹ ਪੰਜਾਬ ਭਾਜਪਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੇਂਦਰ ਨੂੰ ਇਸ ਬਾਰੇ ਸੁਚੇਤ ਕਰਨ।
ਗੁਰਦਰਸ਼ਨ ਢਿੱਲੋਂ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਜਾਗਰੂਕ ਸਿੱਖ ਸ਼ਿਲੌਂਗ ਵਿਚ ਵਸਦੇ ਸਿੱਖਾਂ ਨੂੰ ਲੈ ਕੇ ਚਿੰਤਤ ਹਨ। ਇਸ ਲਈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੇਂਦਰ ਨੂੰ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਫੈਸਲਾ ਲੈਣ ਲਈ ਮਜਬੂਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਖੁਦ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ। ਗੁਰਦਰਸ਼ਨ ਸਿੰਘ ਨੇ ਕਿਹਾ ਕਿ ਮੇਘਾਲਿਆ ਸਰਕਾਰ ਸਿੱਖਾਂ ਨੂੰ ਨਿਰਾਸ਼ ਕਰ ਰਹੀ ਹੈ। ਉਹ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ ਅਤੇ ਅਪਣੀ ਮਿਹਨਤ ਨਾਲ ਰੋਜ਼ੀ ਰੋਟੀ ਖਾਂਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਨਾਲ ਚਾਰੇ ਪਾਸੇ ਧੱਕਾ ਹੋ ਰਿਹਾ ਹੈ ਹਾਲਾਂਕਿ ਅਦਾਲਤਾਂ ਦੇ ਫੈਸਲੇ ਸਿੱਖਾਂ ਦੇ ਹੱਕ ਵਿਚ ਹਨ। ਇਸ ਦੇ ਬਾਵਜੂਦ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ 1984 ਵਿਚ ਤਾਂ ਅਦਾਲਤਾਂ ਵੀ ਸਿੱਖਾਂ ਦੇ ਹੱਕ ਵਿਚ ਨਹੀਂ ਆਈਆਂ। ਨਵੰਬਰ 1984 ਦੇ ਕਤਲੇਆਮ ਦੌਰਾਨ ਦਿੱਲੀ ਹਾਈਕੋਰਟ ਨੇ ਕੋਈ ਐਕਸ਼ਨ ਨਹੀਂ ਲਿਆ। ਸਿੱਖਾਂ ਨੂੰ ਚਾਰੇ ਪਾਸਿਓ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਹੁਤ ਦੁਖਦਾਈ ਗੱਲ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਸਿਰਫ ਅਪਣਾ ਸਵਾਰਥ ਦੇਖ ਰਹੀਆਂ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਪੀਐਮ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਇਸ ਮੁੱਦੇ ’ਤੇ ਉਹਨਾਂ ਨਾਲ ਕਿਉਂ ਗੱਲ ਨਹੀਂ ਕਰਦੇ? ਗੁਰਦਰਸ਼ਨ ਢਿੱਲੋਂ ਨੇ ਕਿਹਾ ਕਿ ਇਹ ਲੀਡਰ ਸਿੱਖਾਂ ਦੇ ਲੀਡਰ ਨਹੀਂ ਹਨ, ਇਹ ਸਿਰਫ ਅਪਣੀ ਖੱਲ ਬਚਾਉਣ ਲਈ ਕੇਂਦਰ ਦੇ ਹੇਠਾਂ ਲੱਗੇ ਹਨ।