Weapon missing: ਥਾਣਾ ਦਿਆਲਪੁਰਾ ਦੇ ਮਾਲਖਾਨੇ ’ਚੋਂ ਮੁੜ ਅਸਲਾ ਚੋਰੀ; ਕੇਸ ਵਿਚ ਨਾਮਜ਼ਦ ਵਿਅਕਤੀ ਨੇ ਜਮ੍ਹਾਂ ਕਰਵਾਇਆ ਸੀ ਅਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤ ਦਾ ਕਹਿਣਾ ਹੈ ਕਿ ਪੁਲਿਸ ਤਿੰਨ ਮਹੀਨਿਆਂ ਤੋਂ ਹਥਿਆਰ ਨਾ ਸੌਂਪ ਕੇ ਟਾਲ ਮਟੋਲ ਕਰ ਰਹੀ ਹੈ।

Weapon missing from police station in bathinda

Weapon missing News: ਜ਼ਿਲ੍ਹੇ ਦੇ ਦਿਆਲਪੁਰਾ ਥਾਣੇ ਵਿਚ ਜਮ੍ਹਾਂ ਹਥਿਆਰਾਂ ਦੇ ਗਾਇਬ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਥਾਣਾ ਸਦਰ ਦੇ ਮਾਲਖਾਨੇ ਵਿਚੋਂ ਤੀਰਥ ਸਿੰਘ ਸਿੱਧੂ ਨਾਂਅ ਦੇ ਵਿਅਕਤੀ ਦਾ ਲਾਇਸੈਂਸੀ ਹਥਿਆਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਤਿੰਨ ਮਹੀਨਿਆਂ ਤੋਂ ਹਥਿਆਰ ਨਾ ਸੌਂਪ ਕੇ ਟਾਲ ਮਟੋਲ ਕਰ ਰਹੀ ਹੈ।

ਤੀਰਥ ਸਿੰਘ ਨੇ ਦਸਿਆ ਕਿ ਉਸ ਦੇ ਵਿਰੁਧ ਦਰਜ ਕੇਸ ਕਾਰਨ ਉਸ ਨੇ ਅਪਣਾ ਲਾਇਸੈਂਸੀ ਰਿਵਾਲਵਰ ਥਾਣਾ ਦਿਆਲਪੁਰਾ ਵਿਚ ਜਮ੍ਹਾਂ ਕਰਵਾ ਦਿਤਾ ਸੀ। ਇਸ ਮਾਮਲੇ 'ਚ 8 ਅਗਸਤ 2023 ਨੂੰ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ ਸੀ ਅਤੇ ਹਥਿਆਰ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਸਨ। ਜਦੋਂ ਉਹ ਅਪਣਾ ਅਸਲਾ ਛੁਡਵਾਉਣ ਲਈ ਅਦਾਲਤੀ ਹੁਕਮਾਂ ਨਾਲ ਥਾਣਾ ਦਿਆਲਪੁਰਾ ਪੁੱਜਿਆ ਤਾਂ ਕਾਗਜ਼ਾਤ ਦੇਖ ਕੇ ਪੁਲਿਸ ਮੁਲਾਜ਼ਮ ਨੇ ਦਸਿਆ ਕਿ ਅਸਲਾ ਮਾਲਖਾਨੇ ਵਿਚ ਰੱਖਿਆ ਹੋਇਆ ਹੈ। ਜਦੋਂ ਮਾਲਖਾਨੇ ਵਿਚ ਦੇਖਿਆ ਤਾਂ ਉਥੋਂ ਉਸ ਦਾ ਰਿਵਾਲਵਰ ਗਾਇਬ ਸੀ।

ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਹਥਿਆਰ ਦੀ ਭਾਲ ਨਹੀਂ ਕੀਤੀ ਜਾ ਰਹੀ, ਸਗੋਂ ਇਹ ਕਹਿ ਕੇ ਟਾਲ-ਮਟੋਲ ਕੀਤਾ ਜਾ ਰਿਹਾ ਹੈ ਕਿ ਇਕ ਸਾਲ ਪਹਿਲਾਂ ਇਸੇ ਥਾਣੇ ਵਿਚੋਂ ਗਾਇਬ ਹੋਏ ਹਥਿਆਰਾਂ ਸਬੰਧੀ ਜਾਂਚ ਰੀਪੋਰਟ ਤਿਆਰ ਨਹੀਂ ਕੀਤੀ ਗਈ। ਪੀੜਤ ਨੇ ਦਸਿਆ ਕਿ ਉਹ ਅਪਣਾ ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਚਾਹੁੰਦਾ ਸੀ, ਜਿਸ ਲਈ ਹਥਿਆਰ ਦਿਖਾਉਣੇ ਜ਼ਰੂਰੀ ਹਨ। ਤਹਿਸੀਲ ਦਫ਼ਤਰ ਦੇ ਅਧਿਕਾਰੀ ਕਹਿ ਰਹੇ ਹਨ ਕਿ ਜੇਕਰ ਅਸਲਾ ਥਾਣੇ ਵਿਚ ਹੈ ਤਾਂ ਸਬੰਧਤ ਥਾਣੇ ਤੋਂ ਇਹ ਲਿਖ ਕੇ ਲਿਆ ਜਾਵੇ ਕਿ ਅਸਲਾ ਥਾਣੇ ਦੇ ਸਟੋਰ ਰੂਮ ਵਿਚ ਰੱਖਿਆ ਹੋਇਆ ਹੈ।

ਤੀਰਥ ਸਿੰਘ ਨੇ ਦਸਿਆ ਕਿ ਇਸ ਸਬੰਧੀ ਨਾ ਤਾਂ ਪੁਲਿਸ ਉਸ ਨੂੰ ਲਿਖਤੀ ਤੌਰ ’ਤੇ ਕੁੱਝ ਦੇ ਰਹੀ ਹੈ ਅਤੇ ਨਾ ਹੀ ਉਸ ਦੇ ਹਥਿਆਰ ਦੀ ਭਾਲ ਕਰ ਰਹੀ ਹੈ। ਇਸ ਕਾਰਨ ਹੁਣ ਉਸ ਨੂੰ ਅਪਣਾ ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਹੋਰ ਵੀ ਔਖਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ ਮੇਰਾ ਲਾਇਸੈਂਸ ਸਮੇਂ ਸਿਰ ਰੀਨਿਊ ਨਾ ਹੋਇਆ ਤਾਂ ਮੈਨੂੰ ਜੁਰਮਾਨਾ ਕੀਤਾ ਜਾਵੇਗਾ। ਤੀਰਥ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਅਸਲਾ ਗਾਇਬ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਅਸਲਾ ਲੱਭ ਕੇ ਉਸ ਨੂੰ ਸੌਂਪਿਆ ਜਾਵੇ।

ਦੱਸ ਦੇਈਏ ਕਿ ਦਿਆਲਪੁਰਾ ਥਾਣੇ ਵਿਚੋਂ ਇਕ ਸਾਲ ਪਹਿਲਾਂ ਵੀ ਹਥਿਆਰਾਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਖੁਲਾਸਾ ਉਦੋਂ ਹੋਇਆ ਜਦੋਂ ਸੀਆਈਏ ਪੁਲਿਸ ਨੇ ਮਈ 2022 ਵਿਚ ਨਸ਼ਾ ਤਸਕਰਾਂ ਕੋਲੋਂ ਗੈਰ-ਕਾਨੂੰਨੀ ਰਿਵਾਲਵਰ ਬਰਾਮਦ ਕੀਤੇ ਸਨ। ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਇਹ ਰਿਵਾਲਵਰ ਥਾਣਾ ਦਿਆਲਪੁਰਾ ਦੇ ਮਲਖਾਨੇ ਵਿਚ ਜਮ੍ਹਾਂ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਥਾਣਾ ਦਿਆਲਪੁਰਾ ਦੇ ਪੁਲਿਸ ਮੁਲਾਜ਼ਮ ਸੰਦੀਪ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਥਾਣੇ ਦੇ ਮਾਲਖਾਨੇ 'ਚੋਂ 10 ਦੇ ਕਰੀਬ ਹਥਿਆਰ ਗਾਇਬ ਕਰ ਦਿਤੇ ਸਨ।

(For more news apart from Weapon missing from police station in bathinda, stay tuned to Rozana Spokesman)