ਜਲੰਧਰ ਪੁਲਿਸ ਨੇ 4 ਅਸਲਾ ਤਸਕਰ ਕੀਤੇ ਕਾਬੂ; 2 ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਵੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਇਕ ਦੇਸੀ ਕੱਟਾ, ਚਾਰ ਜਿੰਦਾ ਰੌਂਦ ਅਤੇ ਇਕ ਕਾਰ ਬਰਾਮਦ ਕੀਤੀ ਹੈ।

Jalandhar police arrested 4 arms smugglers



ਜਲੰਧਰ: ਕਮਿਸ਼ਨਰੇਟ ਪੁਲਿਸ ਨੇ 2 ਨਜਾਇਜ਼ ਹਥਿਆਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਮਲਪ੍ਰੀਤ ਸਿੰਘ ਉਰਫ਼ ਕਮਲ, ਜਸਕਮਲਪ੍ਰੀਤ ਸਿੰਘ ਉਰਫ਼ ਗੋਗੀ, ਮਨੀਸ਼ ਕੁਮਾਰ ਉਰਫ਼ ਮਨੂ ਵਾਸੀ ਪਿੰਡ ਧਾਰੀਵਾਲ ਅਤੇ ਕੁਲਦੀਪ ਕੁਮਾਰ ਉਰਫ਼ ਸਰਪੰਚ ਵਾਸੀ ਲੋਹੀਆਂ ਖਾਸ ਵਜੋਂ ਹੋਈ ਹੈ। ਇਨ੍ਹਾਂ ਵਿਰੁਧ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਇਕ ਦੇਸੀ ਕੱਟਾ, ਚਾਰ ਜਿੰਦਾ ਰੌਂਦ ਅਤੇ ਇਕ ਕਾਰ ਬਰਾਮਦ ਕੀਤੀ ਹੈ।

ਡੀਸੀਪੀ ਸਿਟੀ ਜਗਮੋਹਨ ਸਿੰਘ ਨੇ ਦਸਿਆ ਕਿ ਥਾਣਾ ਸਦਰ ਦੇ ਐਸਐਚਓ ਭਰਤ ਮਸੀਹ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਹਥਿਆਰਾਂ ਦੀ ਤਸਕਰੀ ਕਰਦੇ ਹਨ। ਮੁਲਜ਼ਮ ਖੇਪ ਲੈ ਕੇ ਅਪਣੇ ਇਲਾਕੇ ਵਿਚ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਧਾਰੀਵਾਲ ਰੋਡ 'ਤੇ ਨਾਕਾਬੰਦੀ ਕਰ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਜਾਂਚ ਦੌਰਾਨ ਪੁਲਿਸ ਨੇ ਇਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨਾਂ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਮੰਨਿਆ ਕਿ ਉਹ ਹਥਿਆਰ ਕਮਲਪ੍ਰੀਤ ਤੋਂ ਲੈ ਕੇ ਆਏ ਸਨ। ਮੁਲਜ਼ਮਾਂ ਨੇ ਹਥਿਆਰ ਖਰੀਦਣ ਦੇ ਬਦਲੇ ਕਮਲ ਨੂੰ ਕਰੀਬ 45 ਹਜ਼ਾਰ ਰੁਪਏ ਦਿਤੇ ਸਨ। ਪੁਲਿਸ ਨੇ ਛਾਪਾ ਮਾਰ ਕੇ ਕਮਲਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇਕ ਦੇਸੀ ਕੱਟਾ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਮੁੱਖ ਮੁਲਜ਼ਮ ਕਮਲ ਵਿਰੁਧ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਦੇ ਕਰੀਬ 10 ਕੇਸ ਦਰਜ ਹਨ।