ਪੰਜਾਬ ਤੋਂ ਗਈ ‘ਡਾਕਟਰਜ਼ ਫ਼ਾਰ ਫ਼ਾਰਮਰਜ਼ ਦੀ ਟੀਮ, ਜੈਮਰ ਲਾ ਕੇ ਸਿੰਘੂ ਬਾਰਡਰ ਉਤੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਲੱਖ ਰੁਪਏ ਤੋਂ ਵਧੇਰੇ ਕੀਮਤਾਂ ਦੀਆਂ ਦਵਾਈਆਂ ਅਤੇ ਇਕ ਕਾਰਡਿਕ ਐਂਬੂਲੈਂਸ ਲੈ ਕੇ ਗਏ ਹਨ ਡਾਕਟਰ

Farmer Protest

ਜਲੰਧਰ : ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਲਈ ਗਈ ਪੰਜਾਬ ਦੇ ਮਾਹਰ ਡਾਕਟਰਾਂ ਦੀ ਟੀਮ ‘ਡਾਕਟਰਜ਼ ਫ਼ਾਰ ਫ਼ਾਰਮਰਜ਼’ ਨਾਲ ਬਾਰਡਰ ਉਤੇ ਦਿੱਲੀ ਪੁਲਿਸ ਨਾਲ ਜ਼ਬਰਦਸਤ ਝੜਪ ਹੋਣ ਦੀ ਸੂਚਨਾ ਹੈ। ਪੰਜਾਬ ਦੇ 10 ਮਾਹਰ ਡਾਕਟਰਾਂ ਦੀਆਂ ਟੀਮਾਂ 12 ਐਂਬੂਲੈਂਸ ਅਤੇ 40 ਪੈਰਾਮੈਡੀਕਲ ਸਟਾਫ਼ ਨਾਲ ਅੰਦੋਲਨਰਕਾਰੀ ਕਿਸਾਨਾਂ ਨੂੰ ਡਾਕਟਰੀ ਸੁਵਿਧਾ ਉਪਲੱਬਧ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ਪਹੁੰਚੀ ਸੀ। 

ਡਾਕਟਰਜ਼ ਫ਼ਾਰ ਫ਼ਾਰਮਰਜ਼  ਦੀ ਟੀਮ ਅਪਣੇ ਨਾਲ 10 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਦਵਾਈਆਂ ਅਤੇ ਇਕ ਕਾਰਡਿਕ ਐਂਬੂਲੈਂਸ ਵੀ ਨਾਲ ਲੈ ਕੇ ਗਈ, ਟੀਮ ਵਿਚ ਈਐਨਟੀ ਮਾਹਰ ਡਾ.ਸੰਜੀਵ ਸ਼ਰਮਾ, ਅੱਖਾਂ ਦੇ ਮਾਹਰ ਡਾ.ਬਲਬੀਰ ਸਿੰਘ, ਡਾ.ਸ਼ਿਵ ਦਿਆਲ ਮਾਲੀ ਤੇ ਡਾ.ਰਵਜੋਤ ਸਿੰਘ ਵੀ ਸ਼ਾਮਲ ਸਨ। 

ਡਾ.ਸੰਜੀਵ ਸ਼ਰਮਾ ਨੇ ਦਸਿਆ ਕਿ ਐਂਬੂਲੈਂਸ ਵਿਚ ਦਵਾਈਆਂ ਹੋਣ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਨੂੰ ਬਾਰਡਰ ਤਕ ਪਹੁੰਚਣ ਤੋਂ ਰੋਕ ਦਿਤਾ ਹੈ। ਬਹਾਨਾ ਬਣਾ ਕੇ ਐਂਬੂਲੈਂਸ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਧਰਨਾ ਸਥਾਨ ਦੇ ਨੇੜੇ-ਤੇੜੇ ਜੈਮਰ ਲੱਗਾ ਦਿਤੇ ਹਨ ਤਾਂ ਜੋ ਕਿਸਾਨਾਂ ਦੇ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੇ। 

ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਵਿਚ ਜ਼ਿਆਦਾ ਵਡੇਰੀ ਉਮਰ ਦੇ ਹਨ ਅਤੇ ਦਿਲ ਦੀ ਬੀਮਾਰੀ, ਸ਼ੂਗਰ, ਥਾਈਰਾਇਡ ਆਦਿ ਵਰਗੀਆਂ ਸਮੱਸਿਆਵਾਂ ਨਾਲ ਜੁਝ ਰਹੇ ਹਨ। ਡਾਕਟਰ ਫ਼ਾਰ ਫ਼ਾਰਮਰਜ਼ ਦੀ ਟੀਮ ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਨਾਲ ਲੈ ਕੇ ਪਹੁੰਚੀ ਹੈ।